ਬਠਿੰਡਾ/ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸਾਰੀਆਂ ਵਿਰੋਧੀ ਪਾਰਟੀਆਂ ‘ਤੇ ਨਿਸ਼ਾਨਾ ਸਾਧਿਆ ਹੈ। ਕੇਜਰੀਵਾਲ ਨੇ ਕਿਹਾ ਕਿ ਅਕਾਲੀ-ਕਾਂਗਰਸ ਅਤੇ ਭਾਜਪਾ, ਤਿੰਨੋਂ ਪਾਰਟੀਆਂ ਆਮ ਆਦਮੀ ਪਾਰਟੀ ਨੂੰ ਹਰਾਉਣ ਲਈ ਇਕੱਠੀਆਂ ਹੋ ਗਈਆਂ ਹਨ ਅਤੇ ਮਿਲ ਕੇ ਸਾਡੇ ਖਿਲਾਫ ਸਾਜ਼ਿਸ਼ਾਂ ਰਚ ਰਹੀਆਂ ਹਨ। ਇੱਕ ਸੋਚੀ ਸਮਝੀ ਰਣਨੀਤੀ ਤਹਿਤ ਸਾਰੇ ਭ੍ਰਿਸ਼ਟਾਚਾਰੀ ਲੋਕ ਇਕੱਠੇ ਹੋ ਕੇ ਮੈਨੂੰ ਅੱਤਵਾਦੀ ਕਹਿ ਰਹੇ ਹਨ।

ਕੇਜਰੀਵਾਲ ਨੇ ਕਿਹਾ ਕਿ ਅੰਗਰੇਜ਼ਾਂ ਨੇ ਭਗਤ ਸਿੰਘ ਨੂੰ ਇਸ ਲਈ ਅੱਤਵਾਦੀ ਕਿਹਾ ਸੀ, ਕਿਉਂਕਿ ਉਹ ਭਗਤ ਸਿੰਘ ਤੋਂ ਖੌਫ ਖਾਂਦੇ ਸਨ। ਇਨ੍ਹਾਂ ਭ੍ਰਿਸ਼ਟਾਚਾਰੀਆਂ ਨੂੰ ਵੀ ਆਪਣੀ ਲੁੱਟ-ਖਸੁੱਟ ਅਤੇ ਭ੍ਰਿਸ਼ਟਾਚਾਰ ਦੀ ਦੁਕਾਨ ਬੰਦ ਹੋਣ ਦਾ ਡਰ ਹੈ, ਇਸੇ ਲਈ ਸਾਰੇ ਮਿਲ ਕੇ ਮੈਨੂੰ ਅੱਤਵਾਦੀ ਕਹਿ ਰਹੇ ਹਨ। ਕੇਜਰੀਵਾਲ ਨੇ ਆਪਣੇ ਆਪ ਨੂੰ ‘ਸਵੀਟ ਅੱਤਵਾਦੀ’ ਦੱਸਿਆ ਅਤੇ ਕਿਹਾ ਕਿ ‘ਮੈਂ ਦੁਨੀਆ ਦਾ ਪਹਿਲਾ ਅਜਿਹਾ ਅੱਤਵਾਦੀ ਹਾਂ, ਜਿਸ ਨੇ ਲੋਕਾਂ ਲਈ ਚੰਗੇ ਸਕੂਲ ਬਣਾਏ, ਚੰਗੇ ਹਸਪਤਾਲ ਬਣਾਏ ਅਤੇ ਬਿਜਲੀ-ਪਾਣੀ ਦੀ ਹਾਲਤ ਠੀਕ ਕੀਤੀ। ਸ਼ੁੱਕਰਵਾਰ ਨੂੰ ਬਠਿੰਡਾ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਮੀਡੀਆ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਸਾਰੀਆਂ ਪਾਰਟੀਆਂ ਸਾਡਾ ਵਿਰੋਧ ਇਸਲਈ ਕਰ ਰਹੀਆਂ ਹਨ, ਕਿਉਂਕਿ ਅਸੀਂ ਪੰਜਾਬ ਦੇ ਲੋਕਾਂ ਲਈ ਚੰਗੇ ਸਕੂਲ ਅਤੇ ਹਸਪਤਾਲ ਬਣਾਉਣ ਦੀ ਗੱਲ ਕਰ ਰਹੇ ਹਾਂ। ਲੋਕਾਂ ਨੂੰ ਚੰਗੀ ਸਿੱਖਿਆ ਅਤੇ ਚੰਗੀਆਂ ਡਾਕਟਰੀ ਸਹੂਲਤਾਂ ਦੇਣ ਦੀ ਗੱਲ ਕਰ ਰਹੇ ਹਾਂ। ਆਮ ਲੋਕਾਂ ਨੂੰ ਮੁਫ਼ਤ ਬਿਜਲੀ-ਪਾਣੀ ਅਤੇ ਮੁਫ਼ਤ ਇਲਾਜ ਦੀ ਵਿਵਸਥਾ ਕਰਨ ਦੀ ਗੱਲ ਕਰ ਰਹੇ ਹਾਂ। ਮੁਹੱਲਾ ਕਲੀਨਿਕ ਅਤੇ ਪਿੰਡ ਕਲੀਨਿਕ ਸਥਾਪਤ ਕਰਨ ਦੀ ਗੱਲ ਕਰ ਰਹੇ ਹਾਂ। ਨੌਜਵਾਨਾਂ ਨੂੰ ਨਸ਼ਿਆਂ ਦੇ ਚੁੰਗਲ ਵਿੱਚੋਂ ਕੱਢ ਕੇ ਰੁਜ਼ਗਾਰ ਦੇਣ ਦੀ ਗੱਲ ਕਰ ਰਹੇ ਹਾਂ। ਕਿਸਾਨਾਂ ਦੀ ਹਾਲਤ ਸੁਧਾਰਨ ਅਤੇ ਫ਼ਸਲਾਂ ਦੀ ਅਦਾਇਗੀ ਸਮੇਂ ਸਿਰ ਕਰਨ ਦੀ ਗੱਲ ਕਰ ਰਹੇ ਹਾਂ। ਅਸੀਂ ਔਰਤਾਂ ਨੂੰ ਸਸ਼ਕਤ (ਆਤਮ-ਨਿਰਭਰ) ਬਣਾਉਣ ਲਈ ਹਰ ਮਹੀਨੇ 1000 ਰੁਪਏ ਦੇਣ ਦੀ ਗੱਲ ਕਰ ਰਹੇ ਹਾਂ ਅਤੇ ਪੰਜਾਬ ਵਿੱਚੋਂ ਭ੍ਰਿਸ਼ਟਾਚਾਰ ਅਤੇ ਮਾਫੀਆ ਨੂੰ ਖਤਮ ਕਰਨ ਦੀ ਗੱਲ ਕਰ ਰਹੇ ਹਾਂ।

ਦੂਜੇ ਪਾਸੇ ਅਕਾਲੀ-ਕਾਂਗਰਸੀ ਅਤੇ ਭਾਜਪਾ ਸਿਰਫ਼ ਸਾਨੂੰ ਹਰਾਉਣ ਦੀਆਂ ਗੱਲਾਂ ਕਰਦੇ ਹਨ। ਅਸਲ ਵਿੱਚ ਇਨ੍ਹਾਂ ਪਾਰਟੀਆਂ ਕੋਲ ਵੋਟਾਂ ਮੰਗਣ ਲਈ ਕੋਈ ਮੁੱਦੇ ਨਹੀਂ ਬਚੇ। ਇਨ੍ਹਾਂ ਨੂੰ ਸਿਰਫ ਇਹੀ ਦਿਖਦਾ ਹੈ ਕਿ ਕਿਸੀ ਵੀ ਤਰ੍ਹਾਂ ਸਰਕਾਰ ਬਣਾਈਏ ਅਤੇ ਜਨਤਾ ਦੇ ਟੈਕਸ ਦੇ ਪੈਸੇ ਨੂੰ ਲੁੱਟੀਏ। ਹੁਣ ਇਹਨਾਂ ਲੋਕਾਂ ਦੀ ਲੁੱਟ ਖਤਮ ਹੋਣ ਵਾਲੀ ਹੈ। ਇਸੇ ਲਈ ਇਹ ਲੋਕ ਬੌਖਲਾਕੇ ਸਾਡੇ ਖਿਲਾਫ ਇਕੱਠੇ ਹੋ ਗਏ ਹਨ।

ਕੇਜਰੀਵਾਲ ਨੇ ਕਿਹਾ ਕਿ ਪਿਛਲੇ 70 ਸਾਲਾਂ ‘ਚ ਇਨ੍ਹਾਂ ਭ੍ਰਿਸ਼ਟ ਪਾਰਟੀਆਂ ਨੇ ਮਿਲ ਕੇ ਪੰਜਾਬ ਨੂੰ ਲੁੱਟਿਆ ਅਤੇ ਪੰਜਾਬ ‘ਤੇ ਤਿੰਨ ਲੱਖ ਕਰੋੜ ਦਾ ਕਰਜ਼ਾ ਚੜ੍ਹਾ ਦਿੱਤਾ। ਕੇਜਰੀਵਾਲ ਨੇ ਸਵਾਲ ਉਠਾਇਆ ਕਿ ਜਦੋਂ ਇਨ੍ਹਾਂ ਲੋਕਾਂ ਨੇ ਪੰਜਾਬ ਵਿੱਚ ਨਾ ਚੰਗੇ ਸਕੂਲ ਬਣਾਏ, ਨਾ ਚੰਗੇ ਹਸਪਤਾਲ ਬਣਾਏ, ਨਾ ਬਿਜਲੀ ਠੀਕ ਕੀਤੀ, ਨਾ ਖੇਤੀ ਦੀ ਹਾਲਤ ਸੁਧਾਰੀ ਅਤੇ ਨਾ ਹੀ ਪੰਜਾਬ ‘ਚ ਲੋਕਾਂ ਨੂੰ ਰੁਜ਼ਗਾਰ ਦਿੱਤਾ ਤਾਂ ਫਿਰ ਪੰਜਾਬ ਦੇ ਸਿਰ ਚੜ੍ਹਿਆ ‘ਚ 3 ਲੱਖ ਕਰੋੜ ਰੁਪਏ ਦਾ ਕਰਜ਼ਾ ਕਿੱਥੇ ਗਿਆ? ਅਸਲ ਵਿਚ ਇਹ ਸਾਰਾ ਪੈਸਾ ਇਨ੍ਹਾਂ ਪਾਰਟੀਆਂ ਦੇ ਭ੍ਰਿਸ਼ਟ ਨੇਤਾਵਾਂ ਦੇ ਵਿਦੇਸ਼ੀ ਬੈਂਕਾਂ ਦੇ ਖਾਤਿਆਂ ਵਿਚ ਜਮ੍ਹਾ ਹੋਇਆ ਹੈ।

ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਲੋਕ ਇਨ੍ਹਾਂ ਭ੍ਰਿਸ਼ਟ ਪਾਰਟੀਆਂ ਅਤੇ ਨੇਤਾਵਾਂ ਤੋਂ ਤੰਗ ਆ ਚੁੱਕੇ ਹਨ। ਪਹਿਲਾਂ ਲੋਕਾਂ ਕੋਲ ਕੋਈ ਚੰਗਾ ਵਿਕਲਪ ਨਹੀਂ ਸੀ, ਇਸ ਲਈ ਉਹ ਵਾਰ-ਵਾਰ ਅਕਾਲੀ-ਭਾਜਪਾ ਅਤੇ ਕਾਂਗਰਸ ਨੂੰ ਵੋਟਾਂ ਪਾ ਕੇ ਧੋਖਾ ਖਾਂਦੇ ਰਹੇ ਸਨ। ਇਸ ਵਾਰ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਅਤੇ ਭਗਵੰਤ ਮਾਨ ਦੇ ਰੂਪ ਵਿੱਚ ਇੱਕ ਇਮਾਨਦਾਰ ਬਦਲ ਮਿਲ ਗਿਆ ਹੈ। ਲੋਕਾਂ ਵਿਚ ਮਾਹੌਲ ਦੇਖ ਕੇ ਸਾਰੀਆਂ ਪਾਰਟੀਆਂ ਘਬਰਾ ਗਈਆਂ ਹਨ। ਉਨ੍ਹਾਂ ਨੂੰ ਡਰ ਹੈ ਕਿ ਜੇਕਰ ਪੰਜਾਬ ਵਿੱਚ ਇਸ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਤਾਂ ਉਨ੍ਹਾਂ ਦਾ ਸਰਕਾਰੀ ਲੁੱਟ ਦਾ ਧੰਦਾ ਹਮੇਸ਼ਾ ਲਈ ਬੰਦ ਹੋ ਜਾਵੇਗਾ। ਇਸੇ ਲਈ ਸਾਰੇ ਮਿਲ ਕੇ ਮੈਨੂੰ ਅਤੇ ਭਗਵੰਤ ਮਾਨ ਨੂੰ ਗਾਲ੍ਹਾਂ ਕੱਢ ਰਹੇ ਹਨ। ਚੰਨੀ ਸੁਖਬੀਰ ਬਾਦਲ ਨੂੰ ਕੁਝ ਨਹੀਂ ਬੋਲਦਾ। ਸੁਖਬੀਰ ਬਾਦਲ ਵੀ ਚੰਨੀ ਤੇ ਭਾਜਪਾ ਨੂੰ ਕੁਝ ਨਹੀਂ ਕਹਿੰਦੇ। ਪ੍ਰਧਾਨ ਮੰਤਰੀ ਮੋਦੀ ਅਤੇ ਪ੍ਰਿਅੰਕਾ ਗਾਂਧੀ ਵੀ ਸਿਰਫ ਮੈਨੂੰ ਅਤੇ ਭਗਵੰਤ ਮਾਨ ਨੂੰ ਗਾਲ੍ਹਾਂ ਕੱਢ ਰਹੇ ਹਨ। ਸਾਰੇ ਮਿਲ ਕੇ ਕਿਸੀ ਵੀ ਤਰ੍ਹਾਂ ਨਾਲ ਭਗਵੰਤ ਮਾਨ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਨ ਤੋਂ ਰੋਕਣਾ ਚਾਹੁੰਦੇ ਹਨ, ਕਿਉਂਕਿ ਭਗਵੰਤ ਮਾਨ ਇੱਕ ਇਮਾਨਦਾਰ ਆਦਮੀ ਹੈ। ਜੇਕਰ ਉਹ ਮੁੱਖ ਮੰਤਰੀ ਬਣ ਗਿਆ ਤਾਂ ਉਨ੍ਹਾਂ ਦੀ ਸਾਰੀ ਲੁੱਟ ਅਤੇ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਕਰ ਦੇਵੇਗਾ।

ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਰੀਆਂ ਰਵਾਇਤੀ ਪਾਰਟੀਆਂ ਸਾਡੀ ਇਮਾਨਦਾਰ ਰਾਜਨੀਤੀ ਨੂੰ ਹਰਾਉਣ ਲਈ ਇਕੱਠੀਆਂ ਹੋ ਗਈਆਂ ਹਨ, ਹੁਣ ਤੁਸੀਂ ਵੀ ਇਨ੍ਹਾਂ ਦੀ ਲੁੱਟ-ਖਸੁੱਟ ਅਤੇ ਭ੍ਰਿਸ਼ਟਾਚਾਰ ਦੀ ਰਾਜਨੀਤੀ ਨੂੰ ਹਰਾਉਣ ਲਈ ਇਕੱਠੇ ਹੋ ਜਾਓ। ਇਸ ਵਾਰ ਕਾਂਗਰਸ-ਅਕਾਲੀ-ਭਾਜਪਾ ਦੇ ਭ੍ਰਿਸ਼ਟ ਸਿਸਟਮ ਨੂੰ ਹਰਾਉਣਾ ਹੈ ਅਤੇ ਆਮ ਆਦਮੀ ਪਾਰਟੀ ਦੀ ਇਮਾਨਦਾਰ ਸਰਕਾਰ ਬਣਾ ਕੇ ਸਿਸਟਮ ਨੂੰ ਸਾਫ਼ ਕਰਨਾ ਹੈ। ਇਸ ਵਾਰ ਸਾਨੂੰ ਪੰਜਾਬ ਨੂੰ ਬਚਾਉਣ ਲਈ ਵੋਟ ਪਾਉਣੀ ਹੈ। ਆਪਣੇ ਬੱਚਿਆਂ ਦੇ ਚੰਗੇਰੇ ਭਵਿੱਖ ਲਈ ਵੋਟ ਪਾਉਣੀ ਹੈ। ਪੰਜਾਬ ‘ਚੋਂ ਭ੍ਰਿਸ਼ਟਾਚਾਰ ਅਤੇ ਮਾਫੀਆ ਨੂੰ ਖਤਮ ਕਰਨ ਲਈ ਵੋਟ ਪਾਉਣੀ ਹੈ।

Please follow and like us:

Similar Posts