ਬਟਾਲਾ : ਹਲਕਾ ਫ਼ਤਹਿਗੜ੍ਹ ਚੂੜੀਆਂ ਦੇ ਕਾਂਗਰਸੀ ਉਮੀਦਵਾਰ ਅਤੇ ਪੰਜਾਬ ਦੇ ਸੀਨੀਅਰ ਵਜ਼ੀਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਹਲਕੇ ਦੇ ਲੋਕਾਂ ਨੂੰ ਵੋਟਾਂ ਦੀ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਜਿੱਤ ਹਲਕੇ ਦੇ ਵਿਕਾਸ ਨੂੰ ਨਵੀਆਂ ਬੁਲੰਦੀਆਂ ’ਤੇ ਲੈ ਕੇ ਜਾਵੇਗੀ।

ਸ. ਬਾਜਵਾ ਨੇ ਅੱਜ ਹਲਕੇ ਦੇ ਪਿੰਡ ਗਿੱਲਾਂਵਾਲੀ, ਬਿਜਲੀਵਾਲ, ਮਾਨ ਸੈਂਡਵਾਲ, ਖੈਹਿਰਾ ਕਲਾਂ ਅਤੇ ਬੁਲੋਵਾਲ ਵਿਖੇ ਭਰਵੀਆਂ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪਿਛਲੇ 5 ਸਾਲਾਂ ਵਿੱਚ ਪਿੰਡਾਂ ਦਾ ਮਿਸਾਲੀ ਵਿਕਾਸ ਕਰਵਾਇਆ ਹੈ ਪਰ ਵਿਕਾਸ ਦੀ ਰਫ਼ਤਾਰ ਬਰਕਰਾਰ ਰੱਖਣ ਅਤੇ ਇਸਨੂੰ ਬੁਲੰਦੀਆਂ ਉੱਤੇ ਲੈ ਕੇ ਜਾਣ ਲਈ ਇਹ ਲਾਜ਼ਮੀ ਹੈ ਕਿ ਸੂਬੇ ਵਿੱਚ ਮੁੜ ਤੋਂ ਬਣ ਰਹੀ ਕਾਂਗਰਸ ਪਾਰਟੀ ਦੀ ਸਰਕਾਰ ਦੀ ਕੈਬਨਿਟ ਵਿੱਚ ਇਸ ਹਲਕੇ ਦਾ ਨੁਮਾਇੰਦਾ ਸ਼ਾਮਲ ਹੋਵੇ। ਉਨ੍ਹਾਂ ਕਿਹਾ ਕਿ ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇ ਹਲਕੇ ਦੇ ਲੋਕ ਪਿਛਲੀਆਂ ਦੋ ਵਿਧਾਨ ਸਭਾ ਚੋਣਾਂ ਦੀ ਤਰਾਂ ਇਸ ਵਾਰੀ ਵੀ ਉਨ੍ਹਾਂ ਨੂੰ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਣਗੇ।

ਕਾਂਗਰਸੀ ਆਗੂ ਨੇ ਕਿਹਾ ਕਿ ਪੰਜਾਬ ਦੇ ਸੂਝਵਾਨ ਲੋਕ ਨਾ ਤਾਂ ਆਪਣੇ 10 ਸਾਲਾਂ ਦੇ ਰਾਜ ਦੌਰਾਨ ਸੂਬੇ ਵਿੱਚ ਹਰ ਤਰਾਂ ਦਾ ਮਾਫੀਆ ਪੈਦਾ ਕਰਨ ਅਤੇ ਹਰ ਧਰਮ ਦੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀਆਂ ਘਟਨਾਵਾਂ ਲਈ ਜੁੰਮੇਵਾਰ ਅਕਾਲੀਆਂ ਨੂੰ ਮੂੰਹ ਲਗਾਉਣਗੇ ਅਤੇ ਨਾ ਹੀ ਉਹ ਪੰਜਾਬ ਅਤੇ ਪੰਥ ਵਿਰੋਧੀ ਸੋਚ ਦੇ ਮਾਲਕ ਅਰਵਿੰਦ ਕੇਜਰੀਵਾਲ ਦੀਆਂ ਗੱਲਾਂ ਵਿੱਚ ਆਉਣਗੇ। ਉਨ੍ਹਾਂ ਕਿਹਾ ਕਿ ਸੂਬੇ ਦੇ ਸੂਝਵਾਨ ਲੋਕ ਆਮ ਆਦਮੀ ਦਾ ਦਰਦ ਸਮਝਣ ਵਾਲੇ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਦੀ ਸਥਿਰ ਸਰਕਾਰ ਬਣਾਉਣਗੇ।

ਸ. ਬਾਜਵਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਇੱਕ ਗਰੀਬ ਪਰਿਵਾਰ ਵਿੱਚ ਪੈਦਾ ਹੋਏ ਸਧਾਰਨ ਵਿਅਕਤੀ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਇਹ ਦਰਸਾ ਦਿੱਤਾ ਹੈ ਕਿ ਸਿਰਫ ਕਾਂਗਰਸ ਪਾਰਟੀ ਨੂੰ ਹੀ ਆਮ ਆਦਮੀ ਦਾ ਫਿਕਰ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਜਗੀਰਦਾਰ ਅਤੇ ਰਜਵਾੜਾ ਪਰਿਵਾਰਾਂ ਵਿੱਚੋਂ ਬਣਦੇ ਰਹੇ ਮੁੱਖ ਮੰਤਰੀਆਂ ਨੇ ਕਦੇ ਵੀ ਛੋਟੇ ਕਿਸਾਨਾਂ, ਦੁਕਾਨਦਾਰਾਂ, ਮੁਲਾਜ਼ਮਾਂ, ਮਜ਼ਦੂਰਾਂ ਅਤੇ ਸਮਾਜ ਦੇ ਪੱਛੜੇ ਵਰਗਾਂ ਲਈ ਕੁਝ ਨਹੀਂ ਸੋਚਿਆ।

ਉਨ੍ਹਾਂ ਕਿਹਾ ਕਿ ਪਿਛਲੇ 5 ਸਾਲਾਂ ਦੌਰਾਨ ਉਨ੍ਹਾਂ ਦਾ ਟੀਚਾ ਪਿੰਡਾਂ ਦੇ ਸਰਬਪੱਖੀ ਵਿਕਾਸ ਦਾ ਰਿਹਾ ਹੈ, ਪਰ ਫਿਰ ਵੀ ਕੁਝ ਵਿਕਾਸ ਕਾਰਜ ਰਹਿ ਗਏ ਹਨ, ਜਿਨ੍ਹਾਂ ਨੂੰ ਉਹ ਅਗਲੇ 5 ਸਾਲਾਂ ਦੌਰਾਨ ਪੂਰਾ ਕਰਨਗੇ।

Please follow and like us:

Similar Posts