ਅੰਮ੍ਰਿਤਸਰ : ਚੋਣਾਂ ਦਾ ਮਾਹੌਲ ਹੈ ਤੇ ਸਿਆਸੀ ਪਾਰਟੀਆਂ ਲਗਾਤਾਰ ਚੋਣ ਪ੍ਰਚਾਰ ‘ਚ ਲੱਗੀਆਂ ਹੋਈਆਂ ਹਨ। ਇਸੇ ਦਰਮਿਆਨ ਵਿਰੋਧ ਵੀ ਬਰਕਰਾਰ ਹੈ । ਅੰਮ੍ਰਿਤਸਰ ਵਿਧਾਨ ਸਭਾ ਚੋਣਾਂ ਦੀ ਜੇਕਰ ਗੱਲ ਕਰੀਏ ਤਾਂ ਸਿਆਸੀ ਪਾਰਟੀਆਂ ਵੱਲੋਂ ਉਤਾਰੇ ਗਏ ਉਮੀਦਵਾਰਾਂ ਨੇ ਇਸ ਨੂੰ ਹਾਟ ਸੀਟ ਬਣਾ ਦਿੱਤਾ ਹੈ। ਪੂਰੇ ਸੂਬੇ ਦੇ ਲੋਕਾਂ ਦਾ ਧਿਆਨ ਅੰਮ੍ਰਿਤਸਰ ਚੋਣਾਂ ਵੱਲ ਕੇਂਦਰਿਤ ਹੈ। ਅਜਿਹੇ ਵਿੱਚ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦੋਂ ਇੱਥੇ ਕਾਂਗਰਸ ਪਾਰਟੀ ਦੇ ਵਰਕਰ ਆਪਣੀ ਪਾਰਟੀ ਦਾ ਚੋਣ ਪ੍ਰਚਾਰ ਕਰਦਿਆਂ ਝੰਡੇ ਲਾਉਣ ਪਹੁੰਚੇ।
ਮਾਮਲਾ ਅੰਮ੍ਰਿਤਸਰ ਦੇ ਕਸਬਾ ਕੋਟ ਮਿੱਤ ਸਿੰਘ ਤਰਨਤਾਰਨ ਰੋਡ ਦਾ ਹੈ। ਜਿੱਥੇ ਕਾਂਗਰਸੀ ਵਰਕਰ ਚੋਣ ਪ੍ਰਚਾਰ ਕਰਦਿਆਂ ਜਦੋਂ ਝੰਡੇ ਲਗਾ ਰਹੇ ਸਨ ਤਾਂ ਸਥਾਨਕ ਲੋਕਾਂ ਨੇ ਉਨ੍ਹਾਂ ਦਾ ਵਿਰੋਧ ਸ਼ੁਰੂ ਕਰ ਦਿੱਤਾ। ਲੋਕਾਂ ਵੱਲੋਂ ਕਾਂਗਰਸ ਸਰਕਾਰ ਦੌਰਾਨ ਕੋਈ ਵੀ ਕੰਮ ਨਾ ਹੋਣ ਦੀ ਗੱਲ ਕਹੀ ਗਈ। ਦਰਅਸਲ ਕਾਂਗਰਸ ਪਾਰਟੀ ਵੱਲੋਂ ਇਸ ਸੀਟ ਤੋਂ ਇੰਦਰਬੀਰ ਸਿੰਘ ਬੁਲਾਰੀਆ ਨੂੰ ਚੋਣ ਮੈਦਾਨ ‘ਚ ਉਤਰਿਆ ਗਿਆ ਹੈ। ਵਿਰੋਧ ਕਰ ਰਹੇ ਲੋਕਾਂ ਨੇ ਦੋਸ਼ ਲਾਇਆ ਕਿ ਪਿਛਲੇ ਪਲਾਨ ਦੌਰਾਨ ਇੱਕ ਦਿਨ ਵੀ ਬੁਲਾਰੀਆ ਉਨ੍ਹਾਂ ਦੀਆਂ ਮੁਸ਼ਕਲਾਂ ਜਾਣਨ ਨਹੀਂ ਆਏ।ਲੋਕਾਂ ਦਾ ਕਹਿਣਾ ਹੈ ਕਿ ਬੁਲਾਰੀਆ ਨੇ ਹਲਕੇ ਵਿੱਚ ਕੋਈ ਵੀ ਕੰਮ ਨਹੀਂ ਕਰਵਾਇਆ।
ਜ਼ਿਕਰ ਏ ਖਾਸ ਹੈ ਕਿ ਪਿਛਲੇ ਦਿਨੀਂ ਜਦੋਂ ਇੰਦਰਬੀਰ ਸਿੰਘ ਬੁਲਾਰੀਆ ਵੱਲੋਂ ਚੋਣ ਮੁਹਿੰਮ ਸ਼ੁਰੂ ਕੀਤੀ ਗਈ ਸੀ ਤਾਂ ਉਨ੍ਹਾਂ ਦਾਅਵਾ ਕੀਤਾ ਸੀ ਕਿ ਉਹ ਵੱਡੇ ਮਾਰਜਨ ਨਾਲ ਜਿੱਤ ਹਾਸਲ ਕਰਨਗੇ। ਪਰ ਹੁਣ ਹਾਲਾਤ ਇਹ ਹਨ ਕਿ ਲੋਕਾਂ ਵੱਲੋਂ ਉਨ੍ਹਾਂ ਨੂੰ ਚੋਣ ਪ੍ਰਚਾਰ ਵੀ ਨਹੀਂ ਕਰਨ ਦਿੱਤਾ ਜਾ ਰਿਹਾ ਹੈ। ਅਜਿਹੇ ਵਿੱਚ ਸਿਆਸੀ ਅਖਾੜਾ ਬੜੀ ਤੇਜੀ ਨਾਲ ਭਖਦਾ ਜਾ ਰਿਹਾ ਹੈ। ਹੁਣ ਚੋਣ ਰੁਝਾਨ ਕੀ ਰਹਿੰਦੇ ਹਨ ਕੀ ਬੁਲਾਰੀਆ ਜਿੱਤ ਹਾਸਲ ਕਰ ਸਕਣਗੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਇੰਨਾ ਜਰੂਰ ਹੈ ਕਿ ਲੋਕਾਂ ਦੇ ਇਸ ਵਿਰੋਧ ਦੌਰਾਨ ਕਾਂਗਰਸ ਨੂੰ ਚੋਣ ਪ੍ਰਚਾਰ ਕਰਨ ‘ਚ ਦਿੱਕਤ ਜਰੂਰ ਆ ਰਹੀ ਹੋਵੇਗੀ। ਉੱਧਰ ਦੂਜੇ ਪਾਸੇ ਕਾਂਗਰਸ ਪਾਰਟੀ ਦਾ ਅੰਦਰੂਨੀ ਕਲੇਸ਼ ਵੀ ਲਗਾਤਾਰ ਵਧਦਾ ਜਾ ਰਿਹਾ ਹੈ। ਹਾਲ ਹੀ ‘ਚ ਸਾਬਕਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਵੱਲੋਂ ਦਿੱਤੇ ਬਿਆਨ ‘ਤੇ ਵੀ ਲਗਾਤਾਰ ਵਿਰੋਧੀਆਂ ਵੱਲੋਂ ਕਾਂਗਰਸ ਨੂੰ ਘੇਰਿਆ ਜਾ ਰਿਹਾ ਹੈ।