ਬਟਾਲਾ : ਫਤਹਿਗੜ੍ਹ ਚੂੜੀਆਂ ਤੋਂ ਕਾਗਰਸ ਪਾਰਟੀ ਦੇ ਉਮੀਦਵਾਰ ਅਤੇ ਸੂਬੇ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਆਪਣੇ ਹਲਕੇ ਵਿਚ ਪੈਂਦੇ ਬਟਾਲਾ ਨੇੜਲੇ ਪਿੰਡਾਂ ਵਿਚ ਚੋਣ ਮੁਹਿੰਮ ਨੂੰ ਸਿਖਰ ਉੱਤੇ ਪਹੁੰਚਾਉਂਦਿਆਂ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਧਰਮ ਨਿਰਪੱਖ ਕਾਂਗਰਸ ਪਾਰਟੀ ਨੂੰ ਹੀ ਵੋਟਾਂ ਪਾਉਣ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਮੁੱਖੀ ਆਪਣੀ ਸੌੜੀ ਫ਼ਿਰਕੂ ਸੋਚ ਕਾਰਨ ਸਮੁੱਚੇ ਪੰਜਾਬੀ ਸਮਾਜ ਦੀ ਥਾਂ ਸਿਰਫ਼ ਆਪੋ ਆਪਣੇ ਫ਼ਿਰਕਿਆਂ ਦੀ ਹੀ ਭਲਾਈ ਸੋਚਦੇ ਹਨ।
ਸ਼੍ਰੀ ਬਾਜਵਾ ਨੇ ਪਿੰਡ ਤਲਵੰਡੀ ਬਖ਼ਤਾ, ਵਿੰਜਵਾਂ, ਓਠੀਆਂ, ਖਾਨਫੱਤਾ, ਜੌੜਾ ਸਿੰਘਾ, ਤਾਰਾਗੜ੍ਹ ਅਤੇ ਸ਼ਾਮਪੁਰਾ ਵਿਚ ਹੋਈਆਂ ਬਹੁਤ ਹੀ ਭਰਵੀਆਂ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਰਾਜੇ ਨੂੰ ਲਾ ਕੇ ਆਮ ਆਦਮੀ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਜਿਸ ਨੇ 111 ਦਿਨਾਂ ਦੇ ਬਹੁਤ ਹੀ ਥੋੜ੍ਹੇ ਅਰਸੇ ਦੌਰਾਨ ਬਿਜਲੀ, ਪਾਣੀ, ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਘਟਾ ਕੇ ਸਮਾਜ ਦੇ ਹਰ ਵਰਗ ਨੂੰ ਵੱਡੀ ਰਾਹਤ ਦਿੱਤੀ। ਉਹਨਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਨੇ ਉਹ ਸਾਰੇ ਬਿਜਲੀ ਸਮਝੌਤੇ ਰੱਦ ਕੀਤੇ ਜਿਹੜੇ ਸੁਖਬੀਰ ਸਿੰਘ ਬਾਦਲ ਵਲੋਂ ਆਪਣੇ ਨਿੱਜੀ ਮੁਫਾਦਾਂ ਲਈ ਪ੍ਰਾਈਵੇਟ ਕੰਪਨੀਆਂ ਨਾਲ ਕੀਤੇ ਸਨ।
ਉਹਨਾਂ ਕਿਹਾ ਕਿ ਕਿਸੇ ਵੇਲੇ ਪੰਥ ਤੇ ਪੰਜਾਬ ਦੇ ਹਿੱਤਾਂ ਲਈ ਲੜਣ ਵਾਲਾ ਸ਼੍ਰੋਮਣੀ ਅਕਾਲੀ ਦਲ ਹੁਣ ਇੱਕ ਪਾਰਟੀ ਨਾ ਰਹਿ ਕੇ ਬਾਦਲ ਤੇ ਮਜੀਠੀਆ ਪਰਿਵਾਰ ਦੀ ਨਿੱਜੀ ਜਾਇਦਾਦ ਬਣ ਕੇ ਰਹਿ ਗਈ ਹੈ ਜਿਨ੍ਹਾਂ ਦੀ ਅੱਖ ਗੁਰਧਾਮਾਂ ਦੀ ਗੋਲਕ ਅਤੇ ਸਰਕਾਰੀ ਖ਼ਜ਼ਾਨੇ ਨੂੰ ਲੁੱਟਣ ਉੱਤੇ ਹੀ ਰਹਿੰਦੀ ਹੈ।ਉਹਨਾਂ ਕਿਹਾ ਕਿ ਇਸ ਦਾ ਪੁਖਤਾ ਸਬੂਤ ਚੋਣ ਕਮਿਸ਼ਨ ਵਲੋਂ ਜਾਰੀ ਅੰਕੜਿਆਂ ਅਨੁਸਾਰ ਪਿਛਲੇ ਪੰਜ ਸਾਲਾਂ ਵਿਚ ਸੁਖਬੀਰ ਸਿੰਘ ਬਾਦਲ ਦੀ ਜਾਇਦਾਦ ਵਿਚ 100 ਕਰੋੜ ਰੁਪਏ ਦਾ ਵਾਧਾ ਹੋਣਾ ਹੈ ਅਤੇ ਉਸ ਨੇ ਇਹ ਜਾਇਦਾਦ ਗੁਰਦੁਆਰਿਆਂ ਦੀ ਗੋਲਕ ਦੀ ਲੁੱਟ ਨਾਲ ਹੀ ਬਣਾਈ ਹੈ।
ਸ਼੍ਰੀ ਬਾਜਵਾ ਨੇ ਵੋਟਰਾਂ ਨੂੰ ਚੌਕਸ ਕਰਦਿਆ ਕਿਹਾ ਕਿ ਉਹ ਆਮ ਆਦਮੀ ਪਾਰਟੀ ਨੂੰ ਭੁੱਲ ਕੇ ਵੀ ਵੋਟ ਨਾ ਪਾਉਣ ਕਿਉਂਕਿ ਇਸ ਦਾ ਮੁੱਖੀ ਅਰਵਿੰਦ ਕੇਜਰੀਵਾਲ ਉਹ ਵਿਅਕਤੀ ਹੈ ਜਿਸ ਨੂੰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਸਰੋਕਾਰ ਹੀ ਨਹੀਂ ਹੈ।ਉਹਨਾਂ ਕਿਹਾ ਕਿ ਪੰਜਾਬ ਦੀ ਰਹਿਤਲ ਹੀ ਨਾ ਸਮਝਣ ਵਾਲੇ ਵਿਅਕਤੀ ਤੋਂ ਪੰਜਾਬ ਤੇ ਪੰਜਾਬੀਆਂ ਦੀ ਭਲਾਈ ਦੀ ਕੋਈ ਆਸ ਨਹੀਂ ਰੱਖੀ ਜਾ ਸਕਦੀ।
ਕਾਂਗਰਸੀ ਆਗੂ ਨੇ ਪਿਛਲੇ ਪੰਜ ਸਾਲਾਂ ਵਿਚ ਇਹਨਾਂ ਪਿੰਡਾਂ ਵਿਚ ਕਰਵਾਏ ਗਏ ਵਿਕਾਸ ਕਾਰਜਾਂ ਦੇ ਅਧਾਰ ਉੱਤੇ ਵੋਟਾਂ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਹਲਕੇ ਲੋਕਾਂ ਨਾਲ ਖੜਦੇ ਰਹੇ ਹਨ ਅਤੇ ਅੱਗੇ ਤੋਂ ਵੀ ਖੜਣਗੇ।