ਚੰਡੀਗੜ੍ਹ : ਈਡੀ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ। ਜਿਕਰ ਏ ਖਾਸ ਹੈ ਕਿ ਬੀਤੀ ਰਾਤ ਚੰਨੀ ਦੇ ਰਿਸ਼ਤੇਦਾਰ ਭੁਪਿੰਦਰ ਹਨੀ ਨੂੰ ED ਵੱਲੋਂ ਨਾਜਾਇਜ਼ ਮਾਈਨਿੰਗ ਦੇ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਸੀ । ਇਸ ਮਸਲੇ ਤੇ ਹੁਣ ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਰਾਘਵ ਚੱਢਾ ਵੱਲੋਂ ਵੀ ਸਖ਼ਤ ਪ੍ਰਤੀਕਿਰਿਆ ਦਿੱਤੀ ਗਈ ਹੈ । ਰਾਘਵ ਚੱਢਾ ਦਾ ਕਹਿਣਾ ਹੈ ਕਿ ਜਦੋਂ ਤੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣੇ ਹਨ ਉਦੋਂ ਤੋਂ ਭੁਪਿੰਦਰ ਹਨੀ ਮੋਟਾ ਪੈਸਾ ਕਮਾ ਰਿਹਾ ਸੀ। ਰਾਘਵ ਚੱਢਾ ਨੇ ਕਿਹਾ ਕਿ ਜਦੋਂ ਤੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣੇ ਹਨ ਉਦੋਂ ਤੋਂ ਇਨ੍ਹਾਂ ਦੇ ਰਿਸ਼ਤੇਦਾਰਾਂ ਵੱਲੋਂ ਮੋਟੀ ਕਮਾਈ ਕੀਤੀ ਗਈ ਹੈ ਜਿਸ ਦਾ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਖੁਲਾਸਾ ਕੀਤਾ ਗਿਆ ਸੀ।
ਰਾਘਵ ਚੱਢਾ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੇ ਹਲਕੇ ਚ ਚੱਲ ਰਹੀ ਨਾਜਾਇਜ਼ ਮਾਈਨਿੰਗ ਦਾ ਖੁਲਾਸਾ ਵੀ ਉਨ੍ਹਾਂ ਵੱਲੋਂ ਕੀਤਾ ਗਿਆ ਸੀ ਅਤੇ ਇਸ ਦੇ ਸਬੂਤ ਵੀ ਲੋਕਾਂ ਦੇ ਸਾਹਮਣੇ ਰੱਖੇ ਗਏ ਸਨ । ਰਾਘਵ ਚੱਢਾ ਨੇ ਖੁਲਾਸਾ ਕੀਤਾ ਕਿ ਭੁਪਿੰਦਰ ਹਣੀ ਦੇ ਘਰ ਹੋਈ ਰੇਡ ਦੌਰਾਨ ਦੱਸ ਕਰੋੜ ਰੁਪਏ ਨਗਦੀ ਇੱਕੀ ਲੱਖ ਰੁਪਏ ਦਾ ਸੋਨਾ ਕਰੋੜਾਂ ਰੁਪਏ ਦੀ ਪ੍ਰਾਪਰਟੀ ਦੇ ਕਾਗਜ਼ ਮਿਲੇ। ਉਨ੍ਹਾਂ ਕਿਹਾ ਕਿ ਇਹ ਸਾਰਾ ਪੈਸਾ ਉਸ ਸਮੇਂ ਕਮਾਇਆ ਗਿਆ ਜਦੋਂ ਚਰਨਜੀਤ ਸਿੰਘ ਚੰਨੀ 111 ਦਿਨ ਲਈ ਮੁੱਖ ਮੰਤਰੀ ਬਣੇ ਸਨ।
ਰਾਘਵ ਚੱਢਾ ਨੇ ਦਾਅਵਾ ਕੀਤਾ ਕਿ ਇਨ੍ਹਾਂ 111 ਦਿਨਾਂ ਵਿੱਚ ਜੇਕਰ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਵੱਲੋਂ ਇੰਨੀ ਧਨ ਦੌਲਤ ਇਕੱਠੀ ਕਰ ਲਈ ਗਈ ਹੈ ਤਾਂ ਖ਼ੁਦ ਚਰਨਜੀਤ ਸਿੰਘ ਚੰਨੀ ਅਤੇ ਪਰਿਵਾਰ ਦੇ ਬਾਕੀ ਮੈਂਬਰਾਂ ਵੱਲੋਂ ਕਿੰਨੀ ਵੱਡੀ ਗਿਣਤੀ ਵਿਚ ਧਨ ਰਾਸ਼ੀ ਇਕੱਠੀ ਕੀਤੀ ਗਈ ਹੋਵੇਗੀ।ਉਨ੍ਹਾਂ ਕਿਹਾ ਕਿ ਇਹ ਸਿਰਫ਼ ਇੱਕ ਸੌ ਗਿਆਰਾਂ ਦਿਨਾਂ ਵਿੱਚ ਉਨ੍ਹਾਂ ਵੱਲੋਂ ਟਰੇਲਰ ਦਿਖਾਇਆ ਗਿਆ ਹੈ ਅਤੇ ਜੇਕਰ ਉਹ ਪੰਜ ਸਾਲ ਲਈ ਮੁੱਖ ਮੰਤਰੀ ਬਣ ਜਾਂਦੀ ਤਾਂ ਉਹ ਕਿੰਨੀ ਧਨ ਦੌਲਤ ਇਕੱਠੀ ਕਰ ਸਕਦੇ ਸਨ। ਇੱਥੇ ਹੀ ਬੱਸ ਨਹੀਂ ਚੱਢਾ ਨੇ ਖੁਲਾਸਾ ਕਰਦਿਆਂ ਇਹ ਵੀ ਕਿਹਾ ਕਿ ਭੁਪਿੰਦਰ ਹਣੀ ਨੂੰ ਚਰਨਜੀਤ ਸਿੰਘ ਚੰਨੀ ਵੱਲੋਂ ਆਪਣੀ ਸੀਐੱਮ ਸਕਿਉਰਿਟੀ ਵਿੱਚੋਂ ਕਮਾਂਡੋਜ਼ ਅਤੇ ਪਾਇਲਟ ਗੱਡੀ ਵੀ ਦਿੱਤੀ ਗਈ ਸੀ।