ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਨੌਕਰੀਆਂ ਵਿੱਚ ਰਾਖਵਾਂਕਰਨ ਦੇਣ ਅਤੇ ਸਕੂਲਾਂ ਦੀ ਕਾਇਆ ਕਲਪ ਕਰਨ ਦੇ ਐਲਾਨਾਂ ਨੂੰ ਕੋਰੇ ਝੂਠੇ, ਧੋਖਾ ਅਤੇ ਲੋਕ ਭਰਮਾਊ ਕਰਾਰ ਦਿੱਤਾ ਹੈ। ਮਾਨ ਨੇ ਕਿਹਾ ਕਿ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਕਿ ਸੂਬੇ ਦੇ ਸਰਕਾਰੀ ਸਕੂਲਾਂ ਅਤੇ ਸਿੱਖਿਆ ਨੂੰ ਉਜਾੜ ਕੇ ਬਾਦਲਾਂ ਨੇ ਸਿੱਖਿਆ ਦੇ ਨਿੱਜੀਕਰਨ ਨੂੰ ਪ੍ਰਫੁੱਲਿਤ ਤੇ ਵਿਕਸਤ ਕੀਤਾ ਹੈ।
ਸੋਮਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ, ”ਪੇਂਡੂ ਖੇਤਰ ਅਤੇ ਆਮ ਲੋਕਾਂ ਵੱਲੋਂ ਦੂਰ ਕੀਤੇ ਗਏ ਸੁਖਬੀਰ ਬਾਦਲ ਨੂੰ ਆਪਣੇ ਉਮੀਦਵਾਰਾਂ ਦੀ ਡੁੱਬਦੀ ਬੇੜੀ ਦਿਸਣ ਲੱਗ ਪਈ ਹੈ ਅਤੇ ਡੁੱਬਦੀ ਬੇੜੀ ਨੂੰ ਪਾਰ ਲਾਉਣ ਲਈ ਸੁਖਬੀਰ ਬਾਦਲ ਕੋਰਾ ਝੂਠਾ ਵਾਅਦਾ ਕਰ ਰਹੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ‘ਤੇ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਵਿੱਚ 33 ਫ਼ੀਸਦੀ ਰਾਖਵਾਂਕਰਨ ਦਿੱਤਾ ਜਾਵੇਗਾ ਅਤੇ ਸਰਕਾਰੀ ਸਕੂਲਾਂ ਦੀ ਕਾਇਆ ਕਲਪ ਕਰਨ ਲਈ 12 ਹਜ਼ਾਰ ਕਰੋੜ ਰੁਪਏ ਖ਼ਰਚ ਕੀਤੇ ਜਾਣਗੇ।”
ਭਗਵੰਤ ਮਾਨ ਨੇ ਸੁਖਬੀਰ ਬਾਦਲ ਦੇ ਵਾਅਦਿਆਂ ‘ਤੇ ਟਿੱਪਣੀ ਕਰਦਿਆਂ ਕਿਹਾ, ”ਸੁਖਬੀਰ ਸਿੰਘ ਬਾਦਲ ਦੇ ਬਾਪੂ ਜੀ ਦੀ ਅਗਵਾਈ ‘ਚ ਸ਼੍ਰੋਮਣੀ ਅਕਾਲੀ ਦਲ ਦੀ 10 ਸਾਲ ਪੰਜਾਬ ਵਿੱਚ ਸਰਕਾਰ ਰਹੀ ਹੈ, ਉਦੋਂ ਤਾਂ ਸੁਖਬੀਰ ਬਾਦਲ ਨੇ ਨਿੱਜੀ ਸਕੂਲਾਂ ਵਿੱਚ ਈਡਬਲਿਊਐਸ ਦਾ ਕੋਟਾ ਲਾਗੂ ਨਹੀਂ ਕੀਤਾ ਅਤੇ ਨਾ ਹੀ ਸਰਕਾਰੀ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੀ ਕਾਇਆ ਕਲਪ ਕੀਤੀ। ਹਾਂ, ਸੁਖਬੀਰ ਬਾਦਲ ਨੇ ਨਿੱਜੀਕਰਨ ਦੀ ਜ਼ਰੂਰ ਕਾਇਆ ਕਲਪ ਕੀਤੀ ਸੀ।” ਉਨ੍ਹਾਂ ਕਿਹਾ ਕਿ ਬਾਦਲਾਂ ਦੀ ਸਰਕਾਰ ਵੇਲੇ ਨਾ ਸਕੂਲ ਅਧਿਆਪਕਾਂ ਦੀ ਭਰਤੀ ਕੀਤੀ ਗਈ ਅਤੇ ਨਾ ਹੀ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਪ੍ਰੋਫ਼ੈਸਰਾਂ ਸਮੇਤ ਹੋਰ ਸਟਾਫ਼ ਦੀ ਭਰਤੀ ਕੀਤੀ ਗਈ। ਸਗੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਸ੍ਰੀ ਅੰਮ੍ਰਿਤਸਰ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੂੰ ਬਾਦਲ ਸਰਕਾਰ ਨੇ ਕੋਈ ਆਰਥਿਕ ਮਦਦ ਨਹੀਂ ਦਿੱਤੀ।
ਭਗਵੰਤ ਮਾਨ ਨੇ 33 ਫ਼ੀਸਦੀ ਰਾਖਵਾਂਕਰਨ ਦੇਣ ਬਾਰੇ ਕਿਹਾ ਕਿ ਜਦੋਂ ਸੁਖਬੀਰ ਬਾਦਲ ਨੇ ਨੌਜਵਾਨਾਂ ਨੂੰ ਨੌਕਰੀਆਂ ਹੀ ਨਹੀਂ ਦੇਣੀਆਂ ਤਾਂ ਰਾਖਵਾਂਕਰਨ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਇਹ ਉਦਾਹਰਨ ਸੁਖਬੀਰ ਬਾਦਲ ਆਪਣੇ 10 ਸਾਲਾਂ ਦੇ ਰਾਜਕਾਲ ਵਿੱਚ ਪੇਸ਼ ਕਰ ਚੁੱਕੇ ਹਨ। ਮਾਨ ਨੇ ਤੰਜ ਕਰਦਿਆਂ ਕਿਹਾ, ”ਇੱਕ ਪਾਸੇ ਸੁਖਬੀਰ ਸਿੰਘ ਬਾਦਲ 10- 10 ਲੱਖ ਰੁਪਏ ਦੇ ਕੇ ਪੰਜਾਬ ਦੇ ਨੌਜਵਾਨਾਂ ਨੂੰ ਵਿਦੇਸ਼ਾਂ ਵਿੱਚ ਭੇਜਣ ਦਾ ਵਾਅਦਾ ਕਰ ਰਹੇ ਹਨ ਅਤੇ ਦੂਜੇ ਪਾਸੇ ਨੌਜਵਾਨਾਂ ਨੂੰ ਨੌਕਰੀਆਂ ਵਿੱਚ 33 ਫ਼ੀਸਦੀ ਰਾਖਵਾਂਕਰਨ ਦੇਣ ਦਾ ਲੌਲੀਪੌਪ ਦੇ ਰਹੇ ਹਨ।” ਉਨ੍ਹਾਂ ਦੱਸਿਆ ਕਿ ਪਿਛਲੀ ਸਰਕਾਰ ਵੇਲੇ ਬਾਦਲਾਂ ਨੇ ਪੇਂਡੂ ਸਕੂਲਾਂ ਤੋਂ ਪੜੇ ਨੌਜਵਾਨਾਂ ਨੂੰ ਨੌਕਰੀ ਭਰਤੀ ਵਿੱਚ 5 ਨੰਬਰ ਵਾਧੂ ਦੇਣ ਦਾ ਫ਼ੈਸਲਾ ਵੀ ਕੀਤਾ ਸੀ, ਪਰ ਇਹ ਫ਼ੈਸਲਾ ਅੱਜ ਤੱਕ ਲਾਗੂ ਨਹੀਂ ਹੋ ਸਕਿਆ। ਹੁਣ ਕੀ ਗਰੰਟੀ ਹੈ ਕਿ ਸੁਖਬੀਰ ਬਾਦਲ ਦਾ ਸਰਕਾਰੀ ਨੌਕਰੀਆਂ ਵਿੱਚ 33 ਫ਼ੀਸਦੀ ਰਾਖਵਾਂਕਰਨ ਦੇਣ ਦਾ ਫ਼ੈਸਲਾ ਲਾਗੂ ਹੋਵੇਗਾ?”
ਭਗਵੰਤ ਮਾਨ ਨੇ ਦੋਸ਼ ਲਾਇਆ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ, ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ਦੀਆਂ ਸਰਕਾਰਾਂ ਨੇ ਸੂਬੇ ਦੇ ਪੇਂਡੂ ਅਤੇ ਗ਼ਰੀਬ ਵਰਗ ਦੇ ਲੋਕਾਂ ਨੂੰ ਵੋਟ ਬੈਂਕ ਵਜੋਂ ਵਰਤਿਆ ਹੈ, ਪਰ ਜਦੋਂ ਇਨ੍ਹਾਂ ਵਰਗਾਂ ਦੇ ਹੱਕਾਂ ਦੀ ਗੱਲ ਆਉਂਦੀ ਸੀ ਤਾਂ ਬਾਦਲ, ਕਾਂਗਰਸ ਅਤੇ ਭਾਜਪਾ ਦੇ ਆਗੂ ਅੱਖਾਂ ਬੰਦ ਕਰਕੇ ਬੈਠ ਜਾਂਦੇ ਸਨ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਆਰਥਿਕ ਤੌਰ ‘ਤੇ ਕਮਜ਼ੋਰ ਵਰਗ (ਈਡਬਲਿਊਐਸ) ਦੇ 20 ਫ਼ੀਸਦੀ ਵਿਦਿਆਰਥੀਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਦਾਖਲਾ ਦੇਣ ਦਾ ਫ਼ੈਸਲਾ ਕੀਤਾ ਸੀ, ਸਰਕਾਰ ਦੇ ਇਸ ਫ਼ੈਸਲੇ ਨੂੰ ਨਾ ਸੁਖਬੀਰ ਸਿੰਘ ਬਾਦਲ ਨੇ ਆਪਣੀ ਸਰਕਾਰ ਵੇਲੇ ਲਾਗੂ ਕਰਵਾਇਆ ਅਤੇ ਨਾ ਹੀ ਕਾਂਗਰਸ ਸਰਕਾਰ ਨੇ ਹੁਣ ਲਾਗੂ ਕੀਤਾ।
ਮਾਨ ਨੇ ਕਿਹਾ ਅਕਾਲੀ ਦਲ ਬਾਦਲ ਅਤੇ ਕਾਂਗਰਸ ਪਾਰਟੀ ਦੀਆਂ ਸਰਕਾਰਾਂ ਨੇ ਸਰਕਾਰੀ ਯੂਨੀਵਰਸਿਟੀਆਂ ਦੀਆਂ ਕੀਮਤੀ ਜ਼ਮੀਨਾਂ ਨੂੰ ਵੇਚਣ ਦਾ ਹੀ ਕੰਮ ਕੀਤਾ ਹੈ। ਇਸੇ ਤਰਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਕੇਂਦਰ ਦੇ ਹਵਾਲੇ ਕਰਨ ਦੇ ਫ਼ੈਸਲੇ ਕੀਤੇ ਗਏ ਸਨ। ਪਰ ਪੰਜਾਬ ਦੇ ਜਾਗਦੇ ਲੋਕਾਂ ਦੀ ਲਲਕਾਰ ਕਾਰਨ ਬਾਦਲਾਂ ਅਤੇ ਕਾਂਗਰਸ ਨੂੰ ਆਪਣੇ ਫ਼ੈਸਲੇ ਬਦਲਣੇ ਪਏ ਸਨ ਅਤੇ ਹੁਣ ਵੀ ਪੰਜਾਬ ਵਾਸੀ ਸੁਖਬੀਰ ਸਿੰਘ ਬਾਦਲ ਸਮੇਤ ਕਾਂਗਰਸ ਅਤੇ ਭਾਜਪਾ ਦੇ ਝੂਠੇ ਲਾਰਿਆਂ ਤੋਂ ਪੂਰੀ ਤਰਾਂ ਸੁਚੇਤ ਹਨ। ਉਨ੍ਹਾਂ ਕਿਹਾ ਕਿ ‘ਆਪ’ ਦੀ ਕੇਜਰੀਵਾਲ ਸਰਕਾਰ ਨੇ ਦਿੱਲੀ ਦੇ ਸਕੂਲਾਂ ਦੀ ਦਸ਼ਾ ਅਤੇ ਦਿਸ਼ਾ ਸੁਧਾਰ ਕੇ ਪੂਰੇ ਦੇਸ਼ ਵਿੱਚ ਸਿੱਖਿਆ ਕ੍ਰਾਂਤੀ ਦੀ ਮੁਹਿੰਮ ਆਰੰਭ ਕੀਤੀ ਹੈ, ਜਿਸ ਦੇ ਅਗਲੇ ਪੜਾਅ ਤਹਿਤ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਦਸ਼ਾ ਅਤੇ ਦਿਸ਼ਾ ਵੀ ਸੁਧਾਰੀ ਜਾਵੇਗੀ।