ਚੰਡੀਗੜ੍ਹ : ਸੂਬੇ ਅੰਦਰ ਵਿਧਾਨ ਸਭਾ ਚੋਣਾਂ ਦਾ ਬਿਗੁਲ ਵੱਜਦਿਆਂ ਹੀ ਵਾਰ ਪਟਵਾਰ ਮੁੜ ਤੋਂ ਸ਼ੁਰੂ ਹੋ ਗਏ ਹਨ। ਇਕ ਪਾਸੇ ਜਿਥੇ ਪਾਰਟੀਆਂ ਆਪਣੇ ਵਿਰੋਧੀਆਂ ਨੂੰ ਘੇਰ ਰਹੀਆਂ ਹਨ ਤਾਂ ਉਥੇ ਹੀ ਜੇਕਰ ਗੱਲ ਕਾਂਗਰਸ ਪਾਰਟੀ ਦੀ ਕਰ ਲਈ ਤਾਂ ਉਸ ਅੰਦਰ ਅੰਦਰੂਨੀ ਮਤਭੇਦ ਹੀ ਵਧਦੇ ਦਿਖਾਈ ਦੇ ਰਹੀ ਹਨ ਜਿਸ ਦੇ ਚਲਦਿਆਂ ਵਿਰੋਧੀਆਂ ਨੂੰ ਛੁਟਕਾਰੇ ਲੈਣ ਦਾ ਮੌਕਾ ਮਿਲ ਰਿਹਾ ਹੈ । ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਣਾ ਗੁਰਜੀਤ ਸਿੰਘ ਅਤੇ ਸੁਖਪਾਲ ਖਹਿਰਾ ਦੀ ਜਿਨ੍ਹਾਂ ਵਿਚਕਾਰ ਸ਼ੁਰੂ ਹੋਇਆ ਸਿਆਸੀ ਵਿਰੋਧ ਲਗਾਤਾਰ ਵਧਦਾ ਦਿਖਾਈ ਦੇ ਰਿਹਾ ਹੈ। ਦਰਅਸਲ ਰਾਣਾ ਗੁਰਜੀਤ ਸਿੰਘ ਵੱਲੋਂ ਸੋਨੀਆ ਗਾਂਧੀ ਨੂੰ ਚਿੱਠੀ ਲਿਖ ਕੇ ਸੁਖਪਾਲ ਖਹਿਰਾ ਨੂੰ ਪਾਰਟੀ ਚੋਂ ਬਾਹਰ ਕਰਨ ਦੀ ਮੰਗ ਕੀਤੀ ਗਈ ਸੀ। ਜਿਸ ਦਾ ਸੁਖਪਾਲ ਖਹਿਰਾ ਵੱਲੋਂ ਆਪਣੀ ਫੇਸਬੁੱਕ ਪੋਸਟ ਜਰੀਏ ਜਵਾਬ ਦਿੱਤਾ ਗਿਆ ਹੈ ।
ਸੁਖਪਾਲ ਖਹਿਰਾ ਨੇ ਪੋਸਟ ਪਾਉਂਦਿਆਂ ਲਿਖਿਆ ਕਿ, “ਮੇਰੇ ਖ਼ਿਲਾਫ਼ ਬੇਬੁਨਿਆਦ ਅਤੇ ਮਨਘੜਤ ਇਲਜਾਮ ਲਗਾਉਣ ਅਤੇ ਕਾਂਗਰਸ ਦੀ ਭੁਲੱਥ ਵਿੱਚ ਚਿੰਤਾ ਕਰਨ ਤੋਂ ਪਹਿਲਾਂ ਦਾਗ਼ੀ ਅਤੇ ਹੰਕਾਰੀ ਰਾਣਾ ਗੁਰਜੀਤ ਨੂੰ ਆਪਣਾ ਮੁੰਡਾ ਅਜ਼ਾਦ ਉਮੀਦਵਾਰ ਵਜੋਂ ਸੁਲਤਾਨਪੁਰ ਲੋਧੀ ਤੋਂ ਹਟਾਉਣਾ ਚਾਹੀਦਾ ਹੈ। ਇਸੇ ਤਰਾਂ ਇਸ ਦਾਗ਼ੀ ਆਗੂ ਵਿੱਚ ਇੰਨੀ ਹਿੰਮਤ ਹੋਣੀ ਚਾਹੀਦੀ ਹੈ ਕਿ ਇਹ ਜਨਤਕ ਤੋਰ ਤੇ ਸਵੀਕਾਰ ਕਰੇ ਕਿ ਕਾਂਗਰਸ ਨੂੰ ਹਰਾਉਣ ਲਈ ਇਸ ਨੇ ਆਪਣੇ ਇੱਕ ਕਰਿੰਦੇ ਗੋਰੇ ਗਿੱਲ ਨੂੰ ਕੈਪਟਨ ਦੀ ਪਾਰਟੀ ਵਿੱਚ ਭੇਜਿਆ ਹੈ ਅਤੇ ਜੋਗਿੰਦਰ ਮਾਨ ਨੂੰ ਆਪ ਵਿੱਚ ਭੇਜਿਆ ਹੈ। ਅਸਲ ਵਿੱਚ ਇਸ ਦਾਗ਼ੀ ਆਗੂ ਦੀ ਪੁਰਜ਼ੋਰ ਕੋਸ਼ਿਸ਼ ਹੈ ਕਿ ਕਿਸੇ ਤਰਾਂ ਕਾਂਗਰਸ ਦੀ ਪਿੱਠ ਵਿੱਚ ਛੁਰਾ ਮਾਰਕੇ ਇਨ੍ਹਾਂ ਸਾਰੀਆਂ ਸੀਟਾਂ ਤੇ ਹਰਾਇਆ ਜਾਵੇ”
ਦੱਸ ਦੇਈਏ ਕਿ ਇੱਕ ਦੂਜੇ ਨੂੰ ਪਾਰਟੀ ਵਿੱਚੋਂ ਬਾਹਰ ਕਰਵਾਉਣ ਦੀ ਸਿਆਸਤ ਵਿਚ ਸੁਖਪਾਲ ਸਿੰਘ ਖਹਿਰਾ ਵੀ ਪਿੱਛੇ ਨਹੀਂ ਰਹੇ । ਇਸ ਤੋਂ ਪਹਿਲਾਂ ਉਹ ਵੀ ਗੁਰਜੀਤ ਸਿੰਘ ਨੂੰ ਕਾਂਗਰਸ ਪਾਰਟੀ ਵਿੱਚੋਂ ਬਾਹਰ ਕਰਨ ਲਈ ਸੋਨੀਆ ਗਾਂਧੀ ਨੂੰ ਪੱਤਰ ਲਿਖ ਚੁੱਕੇ ਹਨ । ਜ਼ਿਕਰ ਏ ਖਾਸ ਹੈ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਪਿਛਲੇ ਸਾਲ ਸੁਖਪਾਲ ਸਿੰਘ ਖਹਿਰਾ ਨੂੰ ਭੁਲੱਥ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਇਸ ਵਾਰ ਕਾਂਗਰਸ ਪਾਰਟੀ ਵੱਲੋਂ ਸੁਖਪਾਲ ਸਿੰਘ ਖਹਿਰਾ ਨੂੰ ਭੁਲੱਥ ਤੋਂ ਹੀ ਕਾਂਗਰਸ ਪਾਰਟੀ ਦਾ ਉਮੀਦਵਾਰ ਐਲਾਨਿਆ ਗਿਆ ਹੈ