ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਦੀ ਧਰਮ ਪਤਨੀ ਸ੍ਰੀਮਤੀ ਸੁਨੀਤਾ ਕੇਜਰੀਵਾਲ ਨੁੰ ਆਖਿਆ ਕਿ ਉਹ ਭਲਕੇ ਆਪਣੇ ਪੰਜਾਬ ਦੌਰੇ ਦੌਰਾਨ ਪੰਜਾਬੀਆਂ ਨੁੰ ਦੱਸਣ ਕਿ ਉਹਨਾਂ ਦੇ ਪਤੀ ਦਾ ਆਰ ਐਸ ਐਸ ਦੀ ਜਥੇਬੰਦੀ ਸਵਦੇਸ਼ੀ ਜਾਗਰਣ ਮੰਚ ਨਾਲ ਕੀ ਸੰਬੰਧ ਹੈ।
ਦੱਸਣਯੋਗ ਹੈ ਕਿ ਸ੍ਰੀਮਤੀ ਸੁਨੀਤਾ ਕੇਜਰੀਵਾਲ 11 ਫਰਵਰੀ ਨੁੰ ਪੰਜਾਬ ਦੌਰੇ ’ਤੇ ਆ ਰਹੇ ਹਨ।
ਅੱਜ ਇਥੇ ਪਾਰਟੀ ਦੇ ਮੁੱਖ ਦਫਤਰ ਵਿਚ ਇਕ ਪ੍ਰੈਸ ਕਾਨਫਰੰਸ ਨੁੰ ਸੰਬੋਧਨ ਕਰਦਿਆਂ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਪ੍ਰਮੁੱਖ ਸਕੱਤਰ ਸ੍ਰੀ ਹਰਚਰਨ ਬੈਂਸ ਨੇ ਸ੍ਰੀ ਕੇਜਰੀਵਾਲ ਦੇ ਆਰ ਐਸ ਐਸ ਸੰਬੰਧਾਂ ਨੁੰ ਲੈ ਕੇ ਸਨਸਨੀਖੇਜ ਖੁਲ੍ਹਾਸੇ ਕੀੇਤੇ। ਉਹਨਾਂ ਦੱਸਿਆ ਕਿ ਸ੍ਰੀ ਕੇਜਰੀਵਾਲ ਨਾ ਸਿਰਫ ਸਵਦੇਸ਼ੀ ਜਾਗਰਣ ਮੰਚ ਦੀਆਂ ਮੀਟਿੰਗਾਂ ਵਿਚ ਭਾਗ ਲੈ ਕੇ ਆਰ ਐਸ ਐਸ ਦੀ ਵਿਚਾਰਧਾਰਾ ਦੀ ਸਿਖਲਾਈ ਲੈਂਦੇ ਰਹੇ ਹੈ ਬਲਕਿ ਉਹ ਇਸ ਮੰਚ ਦੇ ਬੁਲਾਰੇ ਵੀ ਰਹੇ ਹਨ।
ਸ੍ਰੀ ਬੈਂਸ ਨੇ ਸ੍ਰੀਮਤੀ ਸੁਨੀਤਾ ਕੇਜਰੀਵਾਲ ਨੁੰ ਇਹ ਵੀ ਕਿਹਾ ਕਿ ਉਹ ਉਹਨਾਂ ਤੋਂ ਪੁੱਛੇ ਜਾ ਰਹੇ ਸਵਾਲਾਂ ਬਾਰੇ ਲਿਖਤੀ ਦਸਤਾਵੇਜ਼ਾਂ ਰਾਹੀਂ ਜਵਾਬ ਲੈ ਕੇ ਆਉਣ।
ਸ੍ਰੀ ਬੈਂਸ ਨੇ ਉਹਨਾਂ ਨੁੰ ਇਹ ਸਵਾਲ ਕੀਤਾ ਕਿ ਸ੍ਰੀ ਕੇਜਰੀਵਾਲ ਦਾ ਆਰ ਐਸ ਐਸ ਦੇ ਸਵਦੇਸ਼ੀ ਜਾਗਰਣ ਮੰਚ ਨਾਲ ਕੀ ਸੰਬੰਧ ਹੈ ? ਇਹ ਵੀ ਸਵਾਲ ਕੀਤਾ ਕਿ ਕੀ ਉਹਨਾਂ ਨੁੰ ਪਤਾ ਹੈ ਕਿ ਸ੍ਰੀ ਕੇਜਰੀਵਾਲ ਨਾ ਸਿਰਫ ਸਿਖਲਾਈ ਕੈਂਪਾਂ ਵਿਚ ਭਾਗ ਲੈਂਦੇ ਰਹੇ ਬਲਕਿ ਇਸਦੇ ਬੁਲਾਰੇ ਵੀ ਰਹੇ ਹਨ।
ਉਹਨਾਂ ਇਹ ਵੀ ਦੱਸਿਆ ਕਿ ਆਰ ਐਸ ਐਸ ਦੇ ਆਗੂ ਗੋਵਿੰਦ ਅਚਾਰਿਆ ਨੇ ਆਪ ਇਹ ਕਿਹਾ ਸੀ ਕਿ ਅਸੀਂ ਸ੍ਰੀ ਅਰਵਿੰਦ ਕੇਜਰੀਵਾਲ ਦੇ ਨਾਲ ਲੁੱਕ ਛੁਪ ਕੇ ਜੋ ਸਾਡੀ ਵਿਚਾਰਧਾਰਾ ਨੂੰ ਅੱਗੇ ਵਧਾਉਣ ਲਈ ਕੰਮ ਕਰ ਰਹੇ ਹਾਂ। ਉਹਨਾਂ ਕਿਹਾ ਕਿ ਸ੍ਰੀਮਤੀ ਸੁਨੀਤਾ ਜੀ ਇਹ ਜਵਾਬ ਲੈ ਕੇ ਆਉਣ ਕੀ ਇਹ ਗੱਲ ਠੀਕ ਹੈ ?
ਉਹਨਾਂ ਇਹ ਵੀ ਦੱਸਿਆ ਕਿ ਦਿੱਲੀ ਵਿਚ ਜਿਹੜੀ ਪਿਛਲੀ ਚੋਣ ਹੋਈ ਸੀ, ਉਸ ਵਿਚ ਦੀਪਕ ਮਦਾਨ ਨਾਂ ਦੇ ਬਜਰੰਗ ਦਲ ਦੇ ਆਗੂ ਦੇ ਪੋਸਟਰ ਦਿੱਲੀ ਵਿਚ ਲੱਗੇ ਸਨ ਜਿਸ ਵਿਚ ਇਕ ਪਾਸੇ ਮੋਦੀ ਦੀ ਤਸਵੀਰ ਹੈ ਤੇ ਦੂਜੇ ਪਾਸੇ ਕੇਜਰੀਵਾਲ ਦੀ ਤਸਵੀਰ ਹੈ। ਉਹਨਾਂ ਦੱਸਿਆ ਕਿ ਇਹ ਜਦੋਂ ਸ੍ਰੀ ਕੇਜਰੀਵਾਲ ਮੋਦੀ ਦੇ ਖਿਲਾਫ ਚੋਣਾਂ ਲੜੇ ਸੀ, ਉਸ ਵੇਲੇ ਦੀ ਗੱਲ ਹੈ। ਉਹਨਾਂ ਇਹ ਵੀ ਦੱਸਿਆ ਕਿ ਇਸ ਪੋਸਟਰ ’ਤੇ ਲਿਖਿਆ ਹੈ ਕਿ ਆਰ ਐਸ ਐਸ ਦੀ ਮੁਹਿੰਮ ਨਾਲ ਜੁੜਨ ਵਾਸਤੇ ਕੇਜਰੀਵਾਲ ਦਾ ਸਾਥ ਦਿਓ।
ਸ੍ਰੀ ਬੈਂਸ ਨੇ ਕਿਹਾ ਕਿ ਪੰਜਾਬੀ ਹੋਣ ਦੇ ਨਾਅਤੇ ਉਹ ਪੰਜਾਬ ਪਹੁੰਚਣ ’ਤੇ ਸ੍ਰੀਮਤੀ ਸੁਨੀਤਾ ਕੇਜਰੀਵਾਲ ਦਾ ਸਵਾਗਤ ਕਰਦੇ ਹਨ ਪਰ ਉਹ ਉਹਨਾਂ ਤੋਂ ਕੁਝ ਸਵਾਲਾਂ ਦੇ ਜਵਾਬ ਚਾਹੁੰਦੇ ਹਨ ਜੋ ਅਸਲ ਵਿਚ ਪੰਜਾਬੀ ਚਾਹੁੰਦੇ ਹਨ।
ਸ੍ਰੀ ਬੈਂਸ ਨੇ ਕਿਹਾ ਕਿ ਸ੍ਰੀਮਤੀ ਕੇਜਰੀਵਾਲ ਪੰਜਾਬੀਆਂ ਨੁੰ ਇਹ ਵੀ ਦੱਸਣ ਕਿ ਉਹਨਾਂ ਦੀ ਮਾਂ ਬੋਲੀ ਨੂੰ ਦਿੱਲੀ ਦੇ ਸਕੂਲਾਂ ਵਿਚ ਪੜ੍ਹਾਉਣਾ ਬੰਦ ਕਿਉਂ ਕਰ ਦਿੱਤਾ ਗਿਆ ? ਇਹ ਵੀ ਦੱਸਣ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਆਰੰਭੀ ਮਾਰਸ਼ਲ ਆਰਟ ਖੇਡ ਗਤਕਾ ਦੀ ਸਪੋਰਟਸ ਕੋਟੇ ਲਈ ਮਾਨਤਾ ਕਿਉਂ ਨਹੀਂ ਦਿੱਤੀ ਜਾ ਰਹੀ ਜਦੋਂ ਕਿ ਕੇਂਦਰ ਸਰਕਾਰ ਨੇ ਦੇਸ਼ ਭਰ ਵਿਚ ਇਸ ਲਈ ਮਾਨਤਾ ਦਿੱਤੀ ਹੈ। ਉਹਨਾਂ ਕਿਹਾ ਕਿ ਪੰਜਾਬੀ ਕੁਝ ਜਵਾਬ ਚਾਹੁੰਦੇ ਹਨ ਤੇ ਆਸ ਹੈ ਕਿ ਸ੍ਰੀਮਤੀ ਸੁਨੀਤਾ ਕੇਜਰੀਵਾਲ ਇਹਨਾਂ ਸਵਾਲਾਂ ਦਾ ਪੰਜਾਬੀ ਵਿਚ ਜਵਾਬ ਦੇਣਗੇ।