ਚੰਡੀਗੜ੍ਹ :ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਇੱਕ ਵਾਰ ਫਿਰ ਅਕਾਲੀ ਦਲ ਨੂੰ ਵੱਡਾ ਝਟਕਾ ਦਿੱਤਾ ਹੈ। ਚੋਣ ਜ਼ਾਬਤਾ ਲੱਗਣ ਤੋਂ ਬਾਅਦ ਪੰਜਾਬ ਅਕਾਲੀ ਦਲ ਦੇ ਦਿੱਗਜ ਆਗੂਆਂ ਦੇ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਸਿਲਸਿਲਾ ਜਾਰੀ ਹੈ। ਸੋਮਵਾਰ ਨੂੰ ਅਕਾਲੀ ਦਲ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਲੁਧਿਆਣਾ ਦੇ ਸਾਬਕਾ ਜ਼ਿਲ੍ਹਾ ਮੀਤ ਪ੍ਰਧਾਨ ਸੋਹਣ ਸਿੰਘ ਖੋਖਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ‘ਆਪ’ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਅਤੇ ਬੁਲਾਰੇ ਮਲਵਿੰਦਰ ਕੰਗ ਦੀ ਹਾਜ਼ਰੀ ਵਿੱਚ ਸੋਹਣ ਸਿੰਘ ਖੋਖਰ ‘ਆਪ’ ਵਿੱਚ ਸ਼ਾਮਲ ਹੋਏ।
ਸੋਹਣ ਸਿੰਘ ਖੋਖਰ ਲੁਧਿਆਣਾ ਤੋਂ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਰਹਿ ਚੁੱਕੇ ਹਨ ਅਤੇ ਅਕਾਲੀ ਦਲ ਵੱਲੋਂ ਸ਼੍ਰੋਮਣੀ ਕਮੇਟੀ ਦੀ ਚੋਣ ਵੀ ਲੜ ਚੁੱਕੇ ਹਨ। ਇਸ ਤੋਂ ਇਲਾਵਾ ਉਹ ਪਾਰਟੀ ਦੀ ਸੂਬਾ ਪੱਧਰੀ ਵਰਕਿੰਗ ਕਮੇਟੀ ਦੇ ਮੈਂਬਰ ਵੀ ਰਹਿ ਚੁੱਕੇ ਹਨ। ਖੋਖਰ ਇਸ ਸਮੇਂ ਲੁਧਿਆਣਾ ਜ਼ਿਲ੍ਹਾ ਅਦਾਲਤ ਵੈਲਫੇਅਰ ਐਸੋਸੀਏਸ਼ਨ ਅਤੇ ਨੰਬਰਦਾਰ ਯੂਨੀਅਨ ਲੁਧਿਆਣਾ ਦੇ ਪ੍ਰਧਾਨ ਹਨ। ਉਨ੍ਹਾਂ ਦੇ ਨਾਲ ਮੁਹਾਲੀ ਜ਼ਿਲ੍ਹਾ ਅਦਾਲਤ ਦੀ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਐਡਵੋਕੇਟ ਅਮਰਜੀਤ ਸਿੰਘ ਲੌਂਗੀਆ ਵੀ ਸਾਥੀਆਂ ਸਮੇਤ ‘ਆਪ’ ਵਿੱਚ ਸ਼ਾਮਲ ਹੋ ਗਏ। ਲੌਂਗੀਆ 7 ਵਾਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਹਿ ਚੁੱਕੇ ਹਨ। ਐਡਵੋਕੇਟ ਅਮਰਜੀਤ ਸਿੰਘ ਲੌਂਗੀਆ ਨਾਲ ‘ਨੋ ਦ ਨੇਬਰ ਐਸੋਸੀਏਸ਼ਨ’ ਮੋਹਾਲੀ ਫੇਜ਼-4 ਦੇ ਪ੍ਰਧਾਨ ਐਡਵੋਕੇਟ ਪ੍ਰੀਤਪਾਲ ਸਿੰਘ ਬੱਸੀ, ਐਡਵੋਕੇਟ ਜਰਨੈਲ ਸਿੰਘ, ਐਡਵੋਕੇਟ ਗੁਰਪ੍ਰੀਤ ਸਿੰਘ, ਐਡਵੋਕੇਟ ਰੋਹਿਤ ਗਰਗ, ਐਡਵੋਕੇਟ ਰਣਜੋਤ ਸਿੰਘ ਸੰਧੂ, ਐਡਵੋਕੇਟ ਰੀਤ ਕਮਲ ਹਾਂਡਾ, ਐਡਵੋਕੇਟ ਰੋਹਿਤ ਕੁਮਾਰ, ਐਡਵੋਕੇਟ ਪਰਮਿੰਦਰ ਸਿੰਘ। ਅਤੇ ਐਡਵੋਕੇਟ ਜਸਮੀਤ ਸਰਵਾਰਾ ਨੇ ਵੀ ‘ਆਪ’ ਦਾ ਲੜ ਫੜਿਆ।
ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਦੇ ਬਾਅਦ ਸੋਹਨ ਸਿੰਘ ਖੋਖਰ ਨੇ ਕਿਹਾ ਕਿ ਅਕਾਲੀ ਦਲ ਦੀ ਭ੍ਰਿਸ਼ਟ ਨੀਤੀਆਂ ਤੋਂ ਪੰਜਾਬ ਦੇ ਲੋਕ ਤੰਗ ਆ ਚੁੱਕੇ ਹਨ । ਪਾਰਟੀ ਵਿੱਚ ਆਪਣੇ ਲੋਕਾਂ ਅਤੇ ਵਰਕਰਾਂ ਨੂੰ ਨਜਰਅੰਦਾਜ ਕੀਤਾ ਜਾ ਰਿਹਾ ਹੈ ਅਤੇ ਬਾਹਰੀ ਲੋਕਾਂ ਨੂੰ ਅਹਮਿਅਤ ਦਿੱਤੀ ਜਾ ਰਹੀ ਹੈ ।
ਕਾਂਗਰਸ ‘ਤੇ ਹਮਲਾ ਬੋਲਦੇ ਹੋਏ ਜਨਰੈਲ ਸਿੰਘ ਨੇ ਕਿਹਾ ਕਿ ਕਾਂਗਰਸ ਦਾ ਚੰਨੀ ਨੂੰ ਸੀਐਮ ਉਮੀਦਵਾਰ ਬਣਾਉਣ ਦਾ ਫੈਸਲਾ ਉਸਦੇ ਨੇਤਾਵਾਂ ਨੂੰ ਰਾਸ ਨਹੀਂ ਆ ਰਿਹਾ। ਪੰਜਾਬ ਦੇ ਲੋਕ ਤਾਂ ਪਹਿਲਾਂ ਹੀ ਕਾਂਗਰਸ ਤੋਂ ਪਿੱਛਾ ਛਡਾਉਣਾ ਚਾਹੁੰਦੇ ਹਨ, ਲੇਕਿਨ ਜਦੋਂ ਤੋਂ ਕਾਂਗਰਸ ਨੇ ਚੰਨੀ ਨੂੰ ਸੀਐਮ ਉਮੀਦਵਾਰ ਐਲਾਨਿਆ ਹੈ ਉਦੋਂ ਤੋਂ ਪਾਰਟੀ ਦੇ ਨੇਤਾ ਵੀ ਨਿਰਾਸ਼ ਅਤੇ ਹਤਾਸ਼ ਹਨ। ਉਹ ਚੋਣ ਤੋਂ ਪਹਿਲਾਂ ਹੀ ਆਪਣੀ ਹਾਰ ਨੂੰ ਸਵੀਕਾਰ ਕਰ ਬੈਠੇ ਹਨ।
ਆਪਣੇ ਅਤੇ ਪਤਨੀ ਦੇ ਨਾਮ ‘ਤੇ ਪ੍ਰਾਪਰਟੀ ਨਹੀਂ ਲੈਣ ਦੇ ਬਿਆਨ ਉੱਤੇ ਪ੍ਰਤੀਕਿਰਆ ਦਿੰਦੇ ਹੋਏ ਜਨਰੈਲ ਸਿੰਘ ਨੇ ਕਿਹਾ ਕਿ 4 ਮਹੀਨੇ ਵਿੱਚ ਜਿਸ ਮੁੱਖ ਮੰਤਰੀ ਨੇ ਆਪਣੇ ਰਿਸ਼ਤੇਦਾਰਾਂ ਨਾਲ ਮਿਲਕੇ ਕਰੋੜਾਂ ਰੁਪਏ ਇੱਕਠੇ ਕਰ ਲਏ ਹਨ, ਉਸਨੂੰ ਹੁਣ ਹੋਰ ਪ੍ਰਾਪਰਟੀ ਲੈਣ ਦੀ ਕੀ ਜ਼ਰੂਰਤ ਹੈ। ਚੰਨੀ ਦੇ ਭਤੀਜੇ ਦੇ ਘਰ ਈਡੀ ਦੀ ਛਾਪੇਮਾਰੀ ਵਿੱਚ ਮਿਲੇ ਕਰੋੜਾਂ ਰੁਪਏ, ਲਗਜਰੀ ਗੱਡੀਆਂ ਅਤੇ ਅਰਬਾਂ ਰੁਪਏ ਦੀ ਜ਼ਮੀਨ ਜਾਇਦਾਦ ਦੇ ਕਾਗਜਾਤ ਪੰਜਾਬ ਦੀ ਜਨਤਾ ਦੇ ਟੈਕਸ ਦੇ ਪੈਸੇ ਦੀ ਲੁੱਟ ਦਾ ਸਬੂਤ ਹਨ। ‘ਆਪ’ ਨੇਤਾ ਨੇ ਕਿਹਾ ਕਿ ਪੰਜਾਬ ਦੀ ਜਨਤਾ ਇਸ ਵਾਰ ਬਦਲਾਵ ਚਾਹੁੰਦੀ ਹੈ। ਲੋਕਾਂ ਨੇ ਝਾੜੂ ਦਾ ਬਟਨ ਦਬਾਕੇ ਆਮ ਆਦਮੀ ਪਾਰਟੀ ਨੂੰ ਜਿਤਾਣ ਅਤੇ ‘ਆਪ’ ਦੀ ਸਰਕਾਰ ਬਣਾਉਣ ਦਾ ਮਨ ਬਣਾ ਲਿਆ ਹੈ।