ਨਿਊਜ਼ ਡੈਸਕ (ਰਜਿੰਦਰ ਸਿੰਘ) : ਸਿੱਖ ਕੌਮ ਦੇ ਇਤਿਹਾਸ ਤੇ ਜਦੋਂ ਨਜ਼ਰ ਮਾਰਦੇ ਹਾਂ ਤਾਂ ਇਤਿਹਾਸ ਦੇ ਪੰਨਿਆਂ ਤੇ ਸ਼ਾਇਦ ਹੀ ਕੋਈ ਅਜਿਹਾ ਦਿਨ ਹੋਵੇਗਾ ਜਿਸ ਦਿਨ ਕਿਸੇ ਸਿੱਖ ਦੀ ਸ਼ਹਾਦਤ ਨਾ ਹੋਈ ਹੋਵੇ। ਇਤਿਹਾਸ ਦੀ ਇਨ੍ਹਾਂ ਹੀ ਪੰਨਿਆਂ ਚ ਸਮੋਇਆ ਹੋਇਆ ਹੈ ਵੱਡਾ ਘੱਲੂਘਾਰਾ । ਘੱਲੂਘਾਰਾ ਦਾ ਅਰਥ ਹੈ ਤਬਾਹੀ ਜਾਂ ਸਰਵਨਾਸ਼। ਸਿੱਖ ਇਤਿਹਾਸ ਦੇ ਹਿੱਸੇ ਦੋ ਘੱਲੂਘਾਰੇ ਆਏ ਜਿਨ੍ਹਾਂ ਨੇ ਸਿੱਖ ਕੌਮ ਦਾ ਵੱਡਾ ਹਿੱਸਾ ਤਬਾਹ ਕਰਕੇ ਰੱਖ ਦਿੱਤਾ। 1746 ਈਸਵੀ ਨੂੰ ਵਾਪਰੇ ਛੋਟੇ ਘੱਲੂਘਾਰੇ ਦੌਰਾਨ ਜਿੱਥੇ ਹਜ਼ਾਰਾਂ ਸਿੱਖ ਸ਼ਹੀਦ ਹੋ ਗਏ ਤਾਂ ਉੱਥੇ ਹੀ ਵੱਡੇ ਘੱਲੂਘਾਰੇ ਨੇ ਘੱਟੋ ਘੱਟ ੩੦ ਤੋਂ ੩੫ ਹਜਾਰ ਸਿੱਖਾਂ ਦੀਆਂ ਸ਼ਹੀਦੀਆਂ ਲੈ ਲਈਆਂ । 18ਵੀਂ ਸਦੀ ਦੀ ਜਦੋਂ ਗੱਲ ਕਰ ਰਹੇ ਹਾਂ ਤਾਂ ਉਸ ਸਮੇਂ ਜਿੱਥੇ ਅਬਦਾਲੀ ਭਾਰਤ ਵਿੱਚ ਆਪਣੀ ਤੌਂਸ ਜਮਾਉਣ ਅਤੇ ਲੁੱਟ ਮਾਰ ਲਈ ਹਮਲੇ ਕਰ ਰਿਹਾ ਸੀ ਤਾਂ ਸਿੱਖ ਵੀ ਮੁੜ ਤੋਂ ਆਪਣੀ ਤਾਕਤ ਵਧਾਉਣ ‘ਚ ਲੱਗੇ ਹੋਏ ਸਨ। ਅਬਦਾਲੀ ਨੇ 1761 ਵਿੱਚ ਮਰਹੱਟਿਆਂ ‘ਤੇ ਹਮਲਾ ਕੀਤਾ। ਪਾਣੀਪਤ ਦੇ ਸਥਾਨ ‘ਤੇ ਮਰਹੱਟਿਆਂ ਨੂੰ ਅਬਦਾਲੀ ਨੇ ਬੁਰੀ ਤਰ੍ਹਾਂ ਮਾਰ ਭਜਾਇਆ। ਅਬਦਾਲੀ ਨੇ ਮਰਹੱਟਿਆਂ ਦਾ ਇਸ ਕਦਰ ਬੁਰਾ ਹਾਲ ਕੀਤਾ ਕਿ ਹੁਣ ਉਹ ਕਈ ਸਾਲਾਂ ਤੱਕ ਮੁੜ ਲੜਨ ਬਾਰੇ ਸੋਚ ਵੀ ਸਕਣ। ਉਸ ਨੇ ਜਿਥੇ ਮਰਹੱਟਿਆਂ ਦੀ ਧਨ ਦੌਲਤ ਨੂੰ ਲੁੱਟਿਆ ਤਾਂ ਉੱਥੇ ਹੀ ਉਨ੍ਹਾਂ ਦੀਆਂ ਲੜਕੀਆਂ, ਬਹੂ ਬੇਟੀਆਂ ਨੂੰ ਵੀ ਚੁੱਕ ਕੇ ਲੈ ਆਇਆ।


ਇਸ ਦਾ ਪਤਾ ਜਦੋਂ ਸੁਲਤਾਨ ਉਲ ਕੌਮ ਜੱਸਾ ਸਿੰਘ ਆਹਲੂਵਾਲੀਆ ਜੀ ਨੂੰ ਲੱਗਿਆ ਤਾਂ ਉਨ੍ਹਾਂ ਨੇ ਸਿੱਖਾਂ ਸਮੇਤ ਅਬਦਾਲੀ ਤੇ ਹਮਲਾ ਕਰ ਦਿੱਤਾ। ਸਿੰਘਾਂ ਨੇ ਅਬਦਾਲੀ ਦਾ ਵੱਡਾ ਖਜ਼ਾਨਾਂ ਲੁੱਟਿਆ ਤੇ ਹਿੰਦੂ ਲੜਕੀਆਂ ਨੂੰ ਛੁਡਾ ਕੇ ਉਨ੍ਹਾਂ ਦੇ ਘਰੋ ਘਰੀ ਭੇਜ ਦਿੱਤਾ।ਸਿੱਖਾਂ ਦੀ ਇਸ ਜ਼ੂਰਅਤ ਨੂੰ ਦੇਖ ਕੇ ਅਬਦਾਲੀ ਕਲਪ ਉੱਠਿਆ ਉਸ ਸਮੇਂ ਤਾਂ ਅਬਦਾਲੀ ਭਾਵੇਂ ਚਲਾ ਗਿਆ ਪਰ ਪੰਜਾਬ ਸਮੇਤ ਲਾਹੌਰ ਦਿੱਲੀ, ਆਦਿ ਦੇ ਪ੍ਰਬੰਧ ਲਈ ਆਪਣੇ ਜਰਨੈਲਾਂ ਨੂੰ ਲਗਾ ਗਿਆ। ਸਿੰਘਾਂ ਵੱਲੋਂ ਦੁਰਾਨੀਆਂ ਦੇ ਪ੍ਰਬੰਧਾਂ ਨੂੰ ਮਲੀਆ ਮੇਟ ਕਰ ਦਿੱਤਾ ਜਾਂਦਾ ਅਤੇ ਵਾਰ ਵਾਰ ਉਨ੍ਹਾਂ ਦੇ ਖਜ਼ਾਨੇ ਅਤੇ ਹਥਿਆਰਾਂ ਨੂੰ ਵੀ ਲੁੱਟ ਲਿਆ ਜਾਂਦਾ।ਸੰਨ 1761 ਈ. ਵਿੱਚ ਦੁਰਾਨੀ ਜਰਨੈਲ ਨੂੰ ਸਿੰਘਾਂ ਨੇ ਮੈਦਾਨੇ ਜੰਗ ਅੰਦਰ ਹਰਾ ਭਜਾਇਆ। ਜਰਨੈਲ ਉਸੈਦ ਖਾਂ ਨੇ ਲਾਹੌਰ ਦੇ ਕਿਲ੍ਹੇ ‘ਚ ਛੁਪ ਕੇ ਆਪਣੀ ਜਾਨ ਬਚਾਈ। ਸਿੰਘਾਂ ਵੱਲੋਂ ਲਾਹੌਰ ‘ਤੇ ਕਬਜਾ ਕਰ ਲਿਆ ਗਿਆ ਅਤੇ ਸੁਲਤਾਨ ਉਲ ਕੌਮ ਨੂੰ ਲਾਹੌਰ ਦਾ ਬਾਦਸ਼ਾਹ ਐਲਾਨ ਦਿੱਤਾ।
1761 ਈ. ਦੀ ਦਿਵਾਲੀ ਵਾਲੇ ਦਿਨ ਅੰਮ੍ਰਿਤਸਰ ਸਾਹਿਬ ਵਿਖੇ ਸਰਬੱਤ ਖਾਲਸਾ ਬੁਲਾਇਆ ਗਿਆ। ਇਸ ਸਾਲ ਸਭ ਤੋਂ ਵਧੇਰੇ ਸੰਗਤ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਕੱਤਰ ਹੋਏ ਕਿਉਂਕਿ ਸਿੰਘਾਂ ਨੇ ਤੁਰਕਾਂ ਨੂੰ ਮਾਰ ਭਜਾਇਆ ਸੀ
ਉੱਧਰ ਸਿੱਖਾਂ ਦੇ ਦੁਸ਼ਮਣ ਵੀ ਲਗਾਤਾਰ ਅਬਦਾਲੀ ਦੇ ਕੰਨ ਭਰ ਰਹੇ ਸਨ । ਵੱਧ ਚੜ੍ਹ ਕੇ ਸਿੱਖਾਂ ਖਿਲਾਫ ਰਿਪੋਰਟਾਂ ਅਬਦਾਲੀ ਨੂੰ ਭੇਜੀਆਂ।ਸਰਬੱਤ ਖਾਲਸੇ ‘ਚ ਸਿੰਘਾਂ ਨੇ ਗਦਾਰਾਂ ਨੂੰ ਸਬਕ ਸਿਖਾਉਣ ਦੇ ਲਈ ਗੁਰਮਤਾ ਪਾਸ ਕੀਤਾ ਗਿਆ । ਆਕਲ ਖਾਂ ਜਿਹੇ ਮੁਖ਼ਬਰ ਲਗਾਤਾਰ ਸਿੱਖਾਂ ਦੀਆਂ ਕਾਰਵਾਈਆਂ ਦੀ ਹਾਕਮਾਂ ਨੂੰ ਖ਼ਬਰ ਦਿੰਦੇ। ਗੁਰਮਤਾ ਹੋਣ ਤੋਂ ਬਾਅਦ ਸਿੱਖ ਕੌਮ ਨੇ ਜੱਸਾ ਸਿੰਘ ਆਹਲੂਵਾਲੀਆ ਜੀ ਸਰਦਾਰ ਚੜ੍ਹਤ ਸਿੰਘ ਅਤੇ ਹੋਰ ਸਿੱਖ ਕੌਮ ਦੇ ਮਹਾਨ ਆਗੂਆਂ ਦੀ ਨਾਲ ਮਿਲ ਕੇ ਜੰਡਿਆਲਾ ਗੁਰੂ ਨੂੰ ਘੇਰਾ ਪਾ ਲਿਆ ਜਿਹੜਾ ਕਿ ਉਸ ਸਮੇਂ ਇਕ ਛੋਟਾ ਕਸਬਾ ਸੀ। ਆਕਲ ਖਾਂ ਇੱਥੇ ਹੀ ਰਹਿੰਦਾ ਸੀ। ਆਕਲ ਖਾਂ ਨਰੈਣੂਆਂ ਦਾ ਗੁਰੂ ਸੀ ਅਤੇ ਹਰ ਵਾਰ ਜਦੋਂ ਵੀ ਅਬਦਾਲੀ ਇਸ ਰਸਤਿਓਂ ਲੰਘਦਾ ਤਾਂ ਉਸ ਦੀ ਰਿਹਾਇਸ਼ ਦਾ ਪ੍ਰਬੰਧ ਅਤੇ ਹੋਰ ਪ੍ਰਬੰਧ ਇਸ ਵੱਲੋਂ ਹੀ ਕੀਤੇ ਜਾਂਦੇ ਸਨ। ਸਿੱਖਾਂ ਦੀ ਕਾਰਵਾਈ ਬਾਰੇ ਜਿਉੰ ਹੀ ਆਕਲ ਖ਼ਾਂ ਨੂੰ ਪਤਾ ਲੱਗਿਆ ਤਾਂ ਉਸ ਨੇ ਪਹਿਲਾਂ ਹੀ ਬੜੀ ਚਲਾਕੀ ਦੇ ਨਾਲ ਅਬਦਾਲੀ ਨੂੰ ਇਸ ਦੀ ਖ਼ਬਰ ਦੇ ਦਿੱਤੀ ਅਤੇ ਤੁਰੰਤ ਸਿੱਖਾਂ ਤੇ ਹਮਲਾ ਕਰਨ ਦੇ ਲਈ ਉਕਸਾਇਆ। ਅਬਦਾਲੀ ਪਹਿਲਾਂ ਹੀ ਮੌਕੇ ਦੀ ਤਾਕ ਵਿੱਚ ਸੀ ਤੇ ਸਿੰਘਾਂ ਤੋਂ ਕਿਸੇ ਢੰਗ ਤਰੀਕੇ ਬਦਲਾ ਲੈਣਾ ਚਾਹੁੰਦਾ ਸੀ ਤੇ ਅਬਦਾਲੀ ਨੇ ਤੁਰੰਤ ਆਪਣਾ ਲਾਮ ਲਸ਼ਕਰ ਲੈ ਕੇ ਸਿੱਖਾਂ ਤੇ ਹਮਲਾ ਕਰ ਦਿੱਤਾ । ਸਿੰਘਾਂ ਨੂੰ ਜਿਉ ਹੀ ਉਸ ਹਮਲੇ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਇਹ ਘੇਰਾ ਤੋੜ ਦਿੱਤਾ । ਸਿੰਘ ਜੰਡਿਆਲਾ ਗੁਰੂ ਤੋਂ ਕੁਪ ਰਹੀੜਾ ਦੇ ਅਸਥਾਨ ਵੱਲ ਚਲੇ ਗਏ। ਉੱਧਰ ਅਬਦਾਲੀ ਬੜੇ ਗੁੱਸੇ ਚ ਬੜੀ ਤੇਜ਼ੀ ਦੇ ਨਾਲ ਸਿੱਖਾਂ ਤੇ ਹਮਲਾ ਕਰਨ ਲਈ ਵਧ ਰਿਹਾ ਸੀ। ਅਬਦਾਲੀ ਮਾਰੋ ਮਾਰ ਕਰਦਾ ਹੋਇਆ ਜੰਡਿਆਲੇ ਪਹੁੰਚਿਆ ਤਾਂ ਉਥੇ ਆਕਲ ਖਾਂ ਨੇ ਉਸ ਨੂੰ ਖ਼ਬਰ ਦੇ ਦਿੱਤੀ ਕਿ ਸਿੰਘ ਮਲੇਰਕੋਟਲੇ ਵੱਲ ਚਲੇ ਗਏ ਹਨ। ਅੱਜ ਦੇ ਦਿਨ ਅਬਦਾਲੀ ਬੜੇ ਵੱਡੇ ਲਾਮ ਲਸ਼ਕਰ ਨਾਲ ਵੱਡੀਆਂ ਫੌਜਾਂ ਦੇ ਨਾਲ ਸਿੰਘਾਂ ਤੇ ਕੂਪਰਹੀੜੇ ਦੇ ਅਸਥਾਨ ਤੇ ਹਮਲਾ ਕਰ ਦਿੰਦਾ ਹੈ। ਇਸ ਹਮਲੇ ‘ਚ ਅਬਦਾਲੀ ਆਪਣੇ ਨਾਮੀ ਜਰਨੈਲਾਂ ਜੈਨ ਖਾਂ,ਭੀਖਣ ਖਾਂ, ਲੱਛਮੀ ਨਰਾਇਣ ਜਿਹੇ ਨਾਲ ਲੈ ਕੇ ਬੜੀ ਤੇਜੀ ਨਾਲ ਸੂਰਜ ਚੜ੍ਹਨ ਤੋਂ ਪਹਿਲਾਂ ਹਮਲਾ ਕਰ ਦਿੰਦਾ ਹੈ।ਅਬਦਾਲੀ ਵੱਲੋਂ ਦੁਰਾਨੀ ਸੈਨਾ ਨੂੰ ਹੁਕਮ ਕੀਤਾ ਜਾਂਦਾ ਹੈ ਕਿ ਉਹ ਸਾਰੇ ਦਰਖਤਾਂ ਦੀਆਂ ਟਾਹਣੀਆਂ ਆਪਣੇ ਸਿਰਾਂ ‘ਤੇ ਬੰਨ੍ਹ ਕੇ ਲੈ ਕੇ ਆਉਣ ਤਾਂ ਜ਼ੋਂ ਸਿੰਘਾਂ ਨਾਲੋਂ ਵੱਖਰੇ ਦਿਖਾਈ ਦੇਣ। ਕੁੱਪ ਰੁਹੀੜਾ ਦੇ ਅਸਥਾਨ ‘ਤੇ ਜਦੋਂ ਬੜੀ ਫੁਰਤੀ ਅਤੇ ਜ਼ੋਸ਼ ਨਾਲ ਅਬਦਾਲੀ ਵੱਲੋਂ ਹਮਲਾ ਕੀਤਾ ਜਾਂਦਾ ਹੈ ਤਾਂ ਸਿੰਘ ਵੀ ਉਨ੍ਹੇ ਹੀ ਜੋਸ਼ ਦੇ ਨਾਲ ਅਬਦਾਲੀ ਦੇ ਹਮਲੇ ਦਾ ਸਾਹਮਣਾ ਕਰਦੇ ਨੇ। ਉਸ ਸਮੇਂ ਸਿੰਘਾਂ ਦੇ ਨਾਲ ਵੱਡੀ ਗਿਣਤੀ ਚ ਬੀਬੀਆਂ ਬੱਚੇ ਅਤੇ ਬਜ਼ੁਰਗ ਮੌਜੂਦ ਨਹੀਂ। ਇਕਪਾਸੇ ਸਿੰਘਾਂ ਵੱਲੋਂ ਜੰਗ ਏ ਮੈਦਾਨ ਅੰਦਰ ਬਹਾਦਰੀ ਅਤੇ ਸੂਰਬੀਰਤਾ ਦੇ ਜੌਹਰ ਦਿਖਾਏ ਜਾਂਦੇ ਹਨ ਤਾਂ ਉੱਥੇ ਹੀ ਬੀਬੀਆਂ ਅਤੇ ਬੱਚਿਆਂ ਦੀ ਵੀ ਹਿਫ਼ਾਜ਼ਤ ਕੀਤੀ ਜਾਂਦੀ ਹੈ । ਸਿੰਘਾਂ ਵੱਲੋਂ ਇੱਕ ਨਾਹਰਾ ਦਿੱਤਾ ਜਾਂਦਾ ਹੈ ਕਿ ਤੁਰ ਤੁਰ ਲੜੋ ਲੜ ਲੜ ਤੁਰੋਂ। ਸਿੰਘ ਅਬਦਾਲੀ ਦੀ ਫ਼ੌਜ ਨਾਲ ਲੜ ਵੀ ਰਹੇ ਨੇ ਤੇ ਅੱਗੇ ਵੀ ਵਧ ਰਹੇ ਨੇ। ਅੱਗੇ ਤੋਂ ਜੈਨ ਖਾਂ ਜਿਹੇ ਵੱਡੇ ਜਰਨੈਲ ਸਿੰਘਾਂ ਦਾ ਰਸਤਾ ਰੋਕ ਰਹੇ ਹਨ ਅਤੇ ਹਮਲਾ ਕਰ ਰਹੇ ਹਨ ਪਿਛਲੇ ਪਾਸਿਓਂ ਅਬਦਾਲੀ ਦੀ ਅਗਵਾਈ ‘ਚ ਵੱਡੀ ਸੈਨਾ ਸਿੰਘਾਂ ਨਾਲ ਯੁੱਧ ਕਰ ਰਹੀ ਹੈ। ਸਿੰਘ ਬੜੀ ਬਹਾਦਰੀ ਨਾਲ ਲੜਦਿਆਂ ਦੁਰਾਨੀ ਸੈਨਾਂ ਨੂੰ ਨੇੜੇ ਵੀ ਨਹੀਂ ਆਉਣ ਦਿੰਦੇ। ਹਾਲਾਤ ਇਹ ਬਣ ਜਾਂਦੇ ਹਨ ਕਿ ਸਰਦਾਰ ਚੜ੍ਹਤ ਸਿੰਘ ਅਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਅਬਦਾਲੀ ਨੂੰ ਵੰਗਾਰਦੇ ਹਨ ਕਿ ਉਹ ਉਨ੍ਹਾਂ ਦਾ ਸਾਹਮਣਾ ਕਰਨ ਅਤੇ ਨਿਰਣਾਇਕ ਲੜਾਈ ਕਰਨ ਪਰ ਸਿੰਘਾਂ ਦਾ ਜ਼ੋਸ਼ ਦੇਖ ਕੇ ਅਬਦਾਲੀ ਡਰ ਜਾਂਦਾ ਹੈ।ਅਤੇ ਸੈਨਾਂ ਨੂੰ ਬਿਲਕੁਲ ਪਿਛੇ ਜਾ ਕੇ ਅਗਵਾਈ ਦਿੰਦਾ ਹੈ। ਇਸ ਦੌਰਾਨ ਕੁਝ ਦੂਰੀ ਤੇ ਜਾ ਕੇ ਸਿੰਘਾਂ ਦਾ ਸੁਰੱਖਿਆ ਕਵਚ ਟੁੱਟ ਜਾਂਦਾ ਹੈ ਤੇ ਅਬਦਾਲੀ ਦੀ ਸੈਨਾ ਉਸ ਘੇਰੇ ਦੇ ਅੰਦਰ ਚਲੀ ਜਾਂਦੀ ਹੈ। ਇੱਥੋਂ ਹੀ ਸ਼ੁਰੂ ਹੁੰਦੀ ਹੈ ਘੱਲੂਘਾਰੇ ਦੀ ਦਾਸਤਾਨ। ਤੁਰਕਾਂ ਵੱਲੋਂ ਕੋਹ ਕੋਹ ਕੇ ਬਜ਼ੁਰਗਾਂ ਬੱਚਿਆਂ ਅਤੇ ਬੀਬੀਆਂ ਨੂੰ ਮਾਰਿਆ ਜਾਂਦਾ ਏ। ਇਸ ਜੰਗ ਏ ਮੈਦਾਨ ਅੰਦਰ ਪੈਂਤੀ ਤੋਂ ਚਾਲੀ ਹਜ਼ਾਰ ਦੇ ਕਰੀਬ ਸਿੱਖ ਬੀਬੀਆਂ ਬੱਚੇ ਬਜ਼ੁਰਗ ਸ਼ਹਾਦਤ ਪ੍ਰਾਪਤ ਕਰਦੇ ਨੇ। ਵੱਡੀ ਗਿਣਤੀ ਚ ਸਿੰਘ ਜ਼ਖ਼ਮੀ ਹੋ ਜਾਂਦੇ ਨੇ। ਭਾਵੇਂ ਅਬਦਾਲੀ ਵੱਡੀ ਗਿਣਤੀ ‘ਚ ਸਿੱਖ ਯੋਧਿਆਂ ਨੂੰ ਸ਼ਹੀਦ ਕਰ ਦਿੰਦਾ ਹੈ ਪਰ ਸਿੰਘਾਂ ਦੀ ਬਹਾਦਰੀ ਅਤੇ ਸੂਰਬੀਰਤਾ ਨੂੰ ਦੇਖ ਕੇ ਉਹ ਕੰਬ ਉੱਠਦਾ ਹੈ। ਵੱਡੇ ਘੱਲੂਘਾਰੇ ਦੇ ਇਨ੍ਹਾਂ ਮਹਾਨ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਯਾਦ ਦੇ ਵਿੱਚ ਕੁੱਪ ਰਹੀੜਾ ਦੇ ਅਸਥਾਨ ਤੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਸੁਸ਼ੋਭਿਤ ਹੈ।

Please follow and like us:

Similar Posts