
ਬਠਿੰਡਾ,:: ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ-2022 ਲਈ ਜ਼ਿਲੇ ਅੰਦਰ ਚੌਥੇ ਦਿਨ ਸ਼ਨੀਵਾਰ ਨੂੰ 24 ਨਾਮਜ਼ਦਗੀਆਂ ਦਾਖਲ ਹੋਈਆਂ ਹਨ। ਜਿਸ ਵਿੱਚ ਵਿਧਾਨ ਸਭਾ ਹਲਕਾ 90-ਰਾਮਪੁਰਾ ਫ਼ੂਲ ਤੋਂ 8, 91-ਭੁੱਚੋਂ ਮੰਡੀ ਤੋਂ 2, 92-ਬਠਿੰਡਾ ਸ਼ਹਿਰੀ ਤੋਂ 3, 93-ਬਠਿੰਡਾ ਦਿਹਾਤੀ ਤੋਂ 2, 94-ਤਲਵੰਡੀ ਸਾਬੋ ਤੋਂ 5 ਅਤੇ 95-ਮੌੜ ਤੋਂ 4 ਨਾਮਜ਼ਦਗੀਆਂ ਦਾਖਲ ਹੋਈਆਂ ਹਨ। ਇਸੇ ਤਰ੍ਹਾਂ ਜ਼ਿਲੇ ਅੰਦਰ ਹੁਣ ਤੱਕ ਕੁੱਲ 49 ਨਾਮਜ਼ਦਗੀਆਂ ਦਾਖਲ ਹੋ ਚੁੱਕਿਆਂ ਹਨ।
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਨਾਮਜ਼ਦਗੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਧਾਨ ਸਭਾ ਹਲਕਾ 90-ਰਾਮਪੁਰਾ ਫ਼ੂਲ ਤੋਂ ਸ਼੍ਰੋਮਣੀ ਅਕਾਲੀ ਦਲ ਵਲੋਂ ਸਿੰਕਦਰ ਸਿੰਘ ਮਲੂਕਾ ਅਤੇ ਗੁਰਪ੍ਰੀਤ ਸਿੰਘ ਮਲੂਕਾ, ਆਮ ਆਦਮੀ ਪਾਰਟੀ ਵਲੋਂ ਬਲਕਾਰ ਸਿੰਘ ਦੋ ਸੈੱਟ ਅਤੇ ਜਿੰਦਰ ਕੌਰ ਦੋ ਸੈੱਟ, ਪੰਜਾਬ ਲੋਕ ਕਾਂਗਰਸ ਪਾਰਟੀ ਵਲੋਂ ਅਮਰਜੀਤ ਸਿੰਘ ਸ਼ਰਮਾ ਅਤੇ ਸਿਕੰਦਰ ਸਿੰਘ ਨੇ ਅਜ਼ਾਦ ਉਮੀਦਵਾਰ ਵਜੋਂ ਆਪਣੇ ਦਾਖ਼ਲ ਕਰਵਾਏ ਹਨ। ਇਸੇ ਤਰ੍ਹਾਂ 91-ਭੁੱਚੋਂ ਮੰਡੀ ਤੋਂ ਬੀਜੇਪੀ ਵਲੋਂ ਜਸਬੀਰ ਕੌਰ ਅਤੇ ਰੁਪਿੰਦਰਜੀਤ ਕੌਰ, ਵਿਧਾਨ ਸਭਾ ਹਲਕਾ 92-ਬਠਿੰਡਾ ਸ਼ਹਿਰੀ ਤੋਂ ਕਾਂਗਰਸ ਵਲੋਂ ਸ. ਮਨਪ੍ਰੀਤ ਸਿੰਘ ਬਾਦਲ, ਆਮ ਆਦਮੀ ਪਾਰਟੀ ਵਲੋਂ ਸ਼੍ਰੀ ਜਗਰੂਪ ਸਿੰਘ ਗਿੱਲ ਅਤੇ ਸੁਖਦੀਪ ਸਿੰਘ ਢਿੱਲੋਂ ਨੇ ਉਮੀਦਵਾਰ ਵਜੋਂ ਆਪਣੇ ਕਾਗਜ਼ ਦਾਖਲ ਕਰਵਾਏ ਹਨ।
ਇਸੇ ਤਰ੍ਹਾਂ ਵਿਧਾਨ ਸਭਾ ਹਲਕਾ 93-ਬਠਿੰਡਾ ਦਿਹਾਤੀ ਤੋਂ ਸ਼੍ਰੋਮਣੀ ਅਕਾਲੀ ਦਲ ਵਲੋਂ ਪ੍ਰਕਾਸ਼ ਸਿੰਘ ਭੱਟੀ ਅਤੇ ਹਰਪਿੰਦਰ ਸਿੰਘ ਵਲੋਂ ਆਪਣੇ ਨਾਮਜ਼ਦਗੀ ਪੱਤਰ ਭਰੇ। ਵਿਧਾਨ ਸਭਾ ਹਲਕਾ 94-ਤਲਵੰਡੀ ਸਾਬੋ ਤੋਂ ਬੀਜੇਪੀ ਵਲੋਂ ਰਵੀਪ੍ਰੀਤ ਸਿੰਘ ਸਿੱਧੂ ਅਤੇ ਰਿਤਿਕਾ ਸਿੱਧੂ, ਆਮ ਆਦਮੀ ਪਾਰਟੀ ਵਲੋਂ ਬਲਜਿੰਦਰ ਕੌਰ, ਜਨ ਆਸਰਾ ਪਾਰਟੀ ਵਲੋਂ ਤਜਿੰਦਰਪਾਲ ਸਿੰਘ ਅਤੇ ਅਜ਼ਾਦ ਉਮੀਦਵਾਰ ਜਗਸੀਰ ਸਿੰਘ ਨੇ ਆਪਣੇ ਕਾਗਜ਼ ਦਾਖਲ ਕਰਵਾਏ। ਇਸੇ ਤਰ੍ਹਾਂ ਵਿਧਾਨ ਸਭਾ ਹਲਕਾ 95-ਮੌੜ ਤੋਂ ਸ਼੍ਰੋਮਣੀ ਅਕਾਲੀ ਦਲ ਵਲੋਂ ਅਕਾਲ ਅਰਪਣ ਸਿੰਘ ਬਰਾੜ, ਆਮ ਆਦਮੀ ਪਾਰਟੀ ਵਲੋਂ ਸੁਖਵੀਰ ਸਿੰਘ ਮਾਈਸਰਖਾਨਾ ਵਲੋਂ ਦੋ ਸੈੱਟ ਅਤੇ ਸ਼ਪਿੰਦਰਪਾਲ ਕੌਰ ਮਾਈਸਰਖ਼ਾਨਾ ਨੇ ਆਪਣੇ ਨਾਮਜ਼ਦਗੀ ਪੱਤਰ ਭਰੇ।
ਜ਼ਿਲ੍ਹਾ ਚੋਣ ਅਫ਼ਸਰ ਨੇ ਅੱਗੇ ਹੋਰ ਦੱਸਿਆ ਕਿ ਨਾਮਜ਼ਦਗੀ ਪੱਤਰ 1 ਫ਼ਰਵਰੀ ਤੱਕ ਭਰੇ ਜਾ ਸਕਣਗੇ। ਨਾਮਜ਼ਦਗੀ ਪੱਤਰਾਂ ਦੀ ਜਾਂਚ-ਪੜਤਾਲ 2 ਫ਼ਰਵਰੀ ਨੂੰ ਅਤੇ 4 ਫ਼ਰਵਰੀ ਤੱਕ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਦੇ ਹਨ। ਨਾਮਜ਼ਦਗੀ ਪੱਤਰ ਸਵੇਰੇ 11 ਵਜੇ ਤੋਂ ਦੁਪਿਹਰ 3 ਵਜੇ ਤੱਕ ਸਬੰਧਤ ਆਰ.ੳਜ਼ ਦੇ ਦਫ਼ਤਰਾਂ ਵਿਖੇ ਭਰੇ ਜਾ ਸਕਣਗੇ। 30 ਜਨਵਰੀ (ਐਤਵਾਰ) ਨੂੰ ਨਾਮਜ਼ਦਗੀ ਪੱਤਰ ਨਹੀਂ ਭਰੇ ਜਾਣਗੇ। ਨਾਮਜ਼ਦਗੀ ਪੱਤਰ ਭਰਨ ਸਮੇਂ ਉਮੀਦਵਾਰ ਸਮੇਤ 2 ਨੁਮਾਇੰਦਿਆਂ ਨੂੰ ਹੀ ਅੰਦਰ ਜਾਣ ਦੀ ਆਗਿਆ ਹੋਵੇਗੀ।
ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਨੇ ਅੱਗੇ ਦੱਸਿਆ ਕਿ ਨਾਮਜ਼ਦਗੀ ਪੱਤਰ ਆਨ-ਲਾਇਨ : https://suvidha.eci.gov.in/login ਤੇ ਵੀ ਭਰੇ ਜਾ ਸਕਦੇ ਹਨ।