ਨਿਊਜ਼ ਡੈਸਕ : ਸਿਆਸਤ ਦੇ ਦਿਨ ਨਜਦੀਕ ਹਨ ਤੇ ਚੋਣ ਪ੍ਰਚਾਰ ਤੇਜ਼ੀ ਨਾਲ ਹੋ ਰਹੇ ਹਨ। ਜਿਸ ਦੇ ਚਲਦਿਆਂ ਹੁਣ ਕਾਂਗਰਸ ਪਾਰਟੀ ਦੇ ਸੀਐੱਮ ਚਿਹਰੇ ਚਰਨਜੀਤ ਸਿੰਘ ਚੰਨੀ ਨੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰੇ ਭਗਵੰਤ ਮਾਨ ‘ਤੇ ਗੰਭੀਰ ਦੋਸ਼ ਲਾਏ ਹਨ। ਦਰਅਸਲ ਚੰਨੀ ਅੱਜ ਕੱਲ੍ਹ ਲਗਾਤਾਰ ਚੋਣ ਪ੍ਰਚਾਰ ‘ਚ ਜੁਟੇ ਹਨ। ਇਸੇ ਦਰਮਿਆਨ ਜਦੋਂ ਉਨ੍ਹਾਂ ਨੂੰ ਕਾਂਗਰਸੀ ਸਾਂਸਦ ਜ਼ਸਬੀਰ ਸਿੰਘ ਡਿੰਪਾ ਦੇ ਭਰਾ ਦੇ ਅਕਾਲੀ ਦਲ ਵਿੱਚ ਚਲੇ ਜਾਣ ‘ਤੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਚੋਣਾਂ ਦੇ ਦਿਨਾਂ ‘ਚ ਅਜਿਹਾ ਚਲਦਾ ਰਹਿੰਦਾ ਹੈ। ਇਸੇ ਦਰਮਿਆਨ ਉਨ੍ਹਾਂ ਨੂੰ ਜਦੋਂ ਨਵਜੋਤ ਕੌਰ ਸਿੱਧੂ ਦੇ ਮਸਲੇ ‘ਤੇ ਸਵਾਲ ਪੁੱਛਿਆ ਗਿਆ ਤਾਂ ਕੋਈ ਜਵਾਬ ਨਾ ਦਿੱਤਾ।
ਚਰਨਜੀਤ ਸਿੰਘ ਚੰਨੀ ਨੇ ਭਗਵੰਤ ਮਾਨ ‘ਤੇ ਵਰ੍ਹਦਿਆਂ ਕਿਹਾ ਕਿ ਭਗਵੰਤ ਮਾਨ ਅਨਪੜ੍ਹ ਬੰਦਾ ਹੈ। ਉਹ ਇਸ ਉਮਰ ‘ਚ ਮਾਨ ਨੂੰ ਪੜ੍ਹਾ ਨਹੀਂ ਸਕਦੇ। ਚੰਨੀ ਨੇ ਕਿਹਾ ਕਿ ਉਨ੍ਹਾਂ ਨੇ ਚੋਣ ਕਮਿਸ਼ਨਰ ਨੂੰ ਆਪਣੀ ਜਾਇਦਾਦ ਬਾਰੇ ਜਿਹੜਾ ਐਫੀਡੈਬਿਟ ਦਿੱਤਾ ਹੈ ਉਸ ‘ਚ ਉਨ੍ਹਾਂ ਨੇ ਇੱਕ ਕਰੋੜ ਉਨੱਹਤਰ ਲੱਖ ਦੀ ਸੰਪਤੀ ਦਿਖਾਈ ਹੈ ਪਰ ਮਾਨ ਉਸ ਨੂੰ ਇੱਕ ਸੌ ਕਰੋੜ ਉਣੱਹਤਰ ਲੱਖ ਪੜ੍ਹਦਾ ਹੈ।ਚੰਨੀ ਨੇ ਕਿਹਾ ਕਿ ਜੇਕਰ ਮਾਨ ਚਾਹੁੰਦੇ ਹਨ ਤਾਂ ਫਿਰ ਵੀ ਉਹ ਸਿਖਾ ਦਿੰਦੇ ਹਨ। ਚੰਨੀ ਨੇ ਕਿਹਾ ਕਿ ਮਾਨ ਨੇ 12ਵੀਂ ਕਲਾਸ ਵਿੱਚ ਤਿੰਨ ਸਾਲ ਲਗਾਏ ਹਨ।ਉਨ੍ਹਾਂ ਕਿਹਾ ਕਿ ਅਜਿਹੇ ਲੋਕ ਮੁੱਖ ਮੰਤਰੀ ਕੀ ਬਣਨਗੇ ਜਿਨ੍ਹਾਂ ਨੂੰ ਪੜ੍ਹਨਾ ਹੀ ਨਹੀਂ ਆਉਂਦਾ।
ਜ਼ਿਕਰ ਏ ਖਾਸ ਹੈ ਕਿ ਜਿਸ ਦਿਨ ਤੋਂ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਪਾਰਟੀ ਵੱਲੋਂ ਮੁੱਖ ਮੰਤਰੀ ਚਿਹਰਾ ਐਲਾਨਿਆਂ ਗਿਆ ਹੈ । ਵਿਰੋਧੀਆਂ ਵੱਲੋਂ ਜਿੱਥੇ ਇਸ ਮਸਲੇ ‘ਤੇ ਤੰਜ ਕਸੇ ਜਾ ਰਹੇ ਹਨ ਤਾਂ ਉੱਥੇ ਹੀ ਕਾਂਗਰਸ ਪਾਰਟੀ ਦੇ ਆਪਣੇ ਆਗੂ ਵੀ ਇਸ ‘ਤੇ ਬਾਗੀ ਸੁਰ ਅਖਤਿਆਰ ਕਰ ਰਹੇ ਹਨ। ਡਾ. ਨਵਜੋਤ ਕੌਰ ਸਿੱਧੂ ਨੇ ਵੀ ਇਸ ‘ਤੇ ਵਿਰੋਧ ਜਤਾਇਆ ਹੈ।

Please follow and like us:

Similar Posts