
ਅਕਾਲ ਚੈਨਲ ਨਿਊਜ਼ ਡੈਸਕ (ਰਜਿੰਦਰ ਸਿੰਘ): ਸਿੱਖ ਇਤਿਹਾਸ ਵਿੱਚ ਗੁਰੂਆਂ ਪੀਰਾਂ ਭਗਤਾਂ ਪੈਗੰਬਰਾਂ ਦਾ ਵਿਸੇਸ਼ ਅਸਥਾਨ ਹੈ ਅਤੇ ਇਨ੍ਹਾਂ ਦੀ ਬਾਣੀ ਦਾ ਅਮੋਲ ਖਜ਼ਾਨਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਮਿਲਦਾ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਜਿੱਥੇ ਗੁਰੂ ਸਾਹਿਬਾਨ ਦੀ ਬਾਣੀ ਦਰਜ ਕੀਤੀ ਗਈ ਹੈ ਤਾਂ ਉੱਥੇ ਹੀ 11 ਭੱਟਾਂ, 4 ਗੁਰਸਿੱਖਾਂ, ਅਤੇ ਭਗਤਾਂ ਦੀ ਬਾਣੀ ਵੀ ਵਿਸੇਸ਼ ਸਤਿਕਾਰ ਦਿੱਤਾ ਗਿਆ ਹੈ। ਜੇਕਰ ਭਗਤਾਂ ਦੀ ਗੱਲ ਕਰ ਲਈਏ ਤਾਂ 15 ਭਗਤਾਂ ਦੀ ਬਾਣੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ। ਜਿਨ੍ਹਾਂ ਵਿੱਚ ਬਾਬਾ ਫ਼ਰੀਦ ਜੀ,ਭਗਤ ਕਬੀਰ ਜੀ,ਭਗਤ ਬੇਣੀ ਜੀ,ਭਗਤ ਨਾਮਦੇਵ ਜੀ,ਭਗਤ ਤਰਲੋਚਨ ਜੀ,ਭਗਤ ਜੈ ਦੇਵ ਜੀ,ਭਗਤ ਰਾਮਾ ਨੰਦ ਜੀ,ਭਗਤ ਸੈਣ ਜੀ ਭਗਤ ਸਧਨਾ ਜੀ , ਭਗਤ ਪੀਪਾ ਜੀ , ਭਗਤ ਧੰਨਾਂ ਜੀ ਭਗਤ ਸੂਰਦਾਸ ਜੀ ਅਤੇ ਭਗਤ ਰਵਿਦਾਸ ਜੀ ਦੇ ਨਾਮ ਵਰਨਣਯੋਗ ਹਨ।ਇਨ੍ਹਾਂ ਭਗਤਾਂ ਦੀ ਬਾਣੀ ਅਲੱਗ ਅਲੱਗ ਰਾਗਾਂ ਵਿੱਚ ਅਲੱਗ ਅਲੱਗ ਅੰਗ *ਤੇ ਸੁਭਾਏਮਾਨ ਹੈ। ਜੇਕਰ ਗੱਲ ਭਗਤ ਰਵਿਦਾਸ ਜੀ ਦੀ ਕਰ ਲਈਏ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ 40 ਸ਼ਬਦ 16 ਰਾਗਾਂ ਹੇਠ ਦਰਜ ਹਨ। ਆਪ ਜੀ ਦੀ ਬਾਣੀ ਸਮੁੱਚੀ ਲੋਕਾਈ ਨੂੰ ਜਾਤ ਪਾਤ ਦੇ ਵਖਰੇਵੇਂ ਕਰਮ ਕਾਂਡ ਦੇ ਅੰਧਕਾਰ ਤੋਂ ਬਾਹਰ ਕੱਢਦੀ ਹੈ।ਆਪ ਜੀ ਦੀ ਬਾਣੀ ਰਚਨਾ ਰੱਬ, ਗੁਰੂ, ਬ੍ਰਹਮੰਡ ਅਤੇ ਕੁਦਰਤ ਨਾਲ ਪ੍ਰੇਮ ਦਾ ਸੁਨੇਹਾ ਦਿੰਦੀ ਹੋਈ ਮਨੁੱਖ ਦੀ ਭਲਾਈ ਤੇ ਜੋਰ ਦਿੰਦੀ ਹੈ । ਉਨ੍ਹਾਂ ਦੀ ਰਚਨਾ ਦਾ ਭਗਤੀ ਵਿਚਾਰਧਾਰਾ ਉਤੇ ਵੀ ਬਹੁਤ ਡੂੰਘਾ ਪ੍ਰਭਾਵ ਪਿਆ ਹੈ ।
ਬੇਗਮਪੁਰੇ ਦੇ ਵਾਸੀ ਭਗਤ ਰਵੀਦਾਸ ਜੀ ਦਾ ਜਨਮ ਅੱਜ ਦੇ ਦਿਨ 14 ਵੀਂ ਸਦੀ ਵਿਚ ਪਿਤਾ ਸੰਤੋਖ ਦਾਸ ਜੀ ਦੇ ਘਰ ਕਾਂਸ਼ੀ, ਬਨਾਰਸ ਵਿਖੇ ਹੋਇਆ ।ਭਗਤ ਰਵੀਦਾਸ ਜੀ ਮਾਨਵਵਾਦੀ, ਦਇਆ ਦੇ ਸਾਗਰ, ਇਕ ਸਮਾਜ ਸੁਧਾਰਕ, ਅਤੇ ਧਾਰਮਿਕ ਪੱਖ ਤੋਂ ਸੁਘੜ ਇਨਸਾਨ ਸਨ। ਆਪ ਜੀ ਦਾ ਸਬੰਧ ਚੁਮਾਰ ਜਾਤੀ ਨਾਲ ਸੀ। ਜੇਕਰ ਉਸ ਸਮੇਂ ਦੇ ਸਮਾਜਿਕ ਹਾਲਾਤਾਂ ਦੀ ਗੱਲ ਕਰ ਲਈਏ ਤਾਂ ਇਨ੍ਹਾਂ ਨੂੰ ਅਛੂਤ ਜਾਤ ਸਮਝਿਆ ਜਾਂਦਾ ਸੀ।ਪਰ ਗੁਰਬਾਣੀ ਸਾਰੀਆਂ ਜਾਤਾਂ ਪਾਤਾਂ ਸਾਰੇ ਧਰਮਾਂ ਲਈ ਬਰਾਬਰ ਉਪਦੇਸ਼ ਦਿੰਦੀ ਹੈ। ਬਾਣੀ ਦਾ ਫੁਰਮਾਨ ਹੈ
ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ॥
ਆਪ ਜੀ ਸੰਤ ਰਾਮਾ ਨੰਦ ਦੇ ਚੇਲੇ ਤੇ ਭਗਤ ਕਬੀਰ ਜੀ ਦੇ ਸਮਕਾਲੀ ਸਨ।ਭਗਤ ਜੀ ਸਦਾ ਹੀ ਉਸ ਅਕਾਲ ਪੁਰਖ ਦੀ ਬੰਦਗੀ *ਚ ਲੀਣ ਰਹਿੰਦੇ । ਕਹਿੰਦੇ ਹਨ ਕਿ ਇਕ ਵਾਰੀ ਸਾਰੇ ਪੰਡਤਾਂ ਨੇ ਇੱਕਠੇ ਹੋਕੇ ਰਵਿਦਾਸ ਜੀ ਨੂੰ ਪ੍ਰਮਾਤਮਾ ਦੀ ਭਗਤੀ ਨੂੰ ਤਿਆਗਣ ਦਾ ਹੁਕਮ ਦਿਤਾ ਪਰ ਰਵਿਦਾਸ ਨੇ ਨਿਧੜਕ ਹੋਕੇ ਕਿਹਾ ਕੀ ਪ੍ਰਮਾਤਮਾ ਕਿਸੇ ਖਾਸ ਜਾਤ , ਵਰਣ ਜਾ ਮਜਹਬ ਦਾ ਨਹੀਂ ਹੈ ਉਹ ਸਭ ਦਾ ਹੈ । ਬ੍ਰਾਹਮਣਾ ਨੇ ਗੁਸੇ ਵਿਚ ਡਾਂਗਾਂ ਚੁਕ ਲਈਆਂ ਤੇ ਉਨ੍ਹਾ ਨੂੰ ਮਾਰਨ ਦੀ ਧਮਕੀ ਦਿਤੀ ਇਸ ਘਟਨਾ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਨ੍ਹਾ ਦਾ ਜੀਵਨ ਕਿੰਨੀਆਂ ਮੁਸ਼ਕਲਾਂ ਭਰਿਆ ਰਿਹਾ ਹੋਵੇਗਾ।
ਭਗਤ ਰਵਿਦਾਸ ਜੀ ਨੇ ਉਸ ਸਮੇਂ ਸਮਾਜ ਅੰਦਰ ਫੈਲੀਆਂ ਕੁਰੀਤੀਆਂ, ਛੋਟੀਆਂ ਜਾਤਾਂ *ਤੇ ਹੋ ਰਹੇ ਅੱਤਿਆਚਾਰ ਅਤੇ ਮੰਨੂੰ ਸਮ੍ਰਿਤੀ ਵੱਲੋਂ ਫੈਲਾਏ ਜਾ ਰਹੇ ਅੰਧਕਾਰ ਨੂੰ ਬੜੇ ਬਾਖੂਬੀ ਢੰਗ ਨਾਲ ਬਿਆਨ ਕੀਤਾ ਹੈ। ਆਪ ਜੀ ਵੱਲੋਂ ਦਲੀਲ ਨਾਲ ਸਭ ਕੁਰੀਤੀਆਂ ਦਾ ਖੰਡਣ ਕੀਤਾ ਗਿਆ ਅਤੇ ਸਮੁੱਚੀ ਮਨੁੱਖਤਾ ਨੂੰ ਇੱਕ ਪ੍ਰਮਾਤਮਾਂ ਦੀ ਬੰਦਗੀ ਕਰਨ ਦਾ ਉਪਦੇਸ਼ ਦਿੱਤਾ। ਆਪ ਜੀ ਵੱਲੋਂ ਆਪਣੀ ਬਾਣੀ ਵਿੱਚ ਅਜਿਹੇ ਸਮਾਜ ਦੀ ਸਿਰਜਣਾ ਦੀ ਗੱਲ ਕੀਤੀ ਗਈ ਹੈ ਜਿਸ *ਚ ਨਾ ਹੀ ਤਾਂ ਲੋਭ ਲਾਲਚ ਹੋਵੇ, ਨਾ ਹੀ ਛੂਤ ਛਾਤ ਦਾ ਵਿਖਰੇਵਾਂ ਹੋਵੇ ਅਤੇ ਨਾਂ ਹੀ ਜਾਤਾਂ ਪਾਤਾਂ ਦਾ ਝੰਜਟ ਹੋਵੇ।ਆਪ ਜੀ ਲਿਖਦੇ ਹਨ।
“ਬੇਗਮ ਪੁਰਾ ਸਹਰ ਕੋ ਨਾਉ ॥ ਦੂਖੁ ਅੰਦੋਹੁ ਨਹੀ ਤਿਿਹ ਠਾਉ ॥
ਨਾਂ ਤਸਵੀਸੁ ਖਿਰਾਜੁ ਨ ਮਾਲੁ ॥ ਖਉਫੁ ਨ ਖਤਾ ਨ ਤਰਸੁ ਜਵਾਲੁ”
ਭਗਤ ਰਵਿਦਾਸ ਜੀ ਜੀ ਵੱਲੋਂ ਆਪਣੀ ਬਾਣੀ ਵਿੱਚ ਜਾਤਾਂ ਪਾਤਾਂ ਦਾ ਵੀ ਖੰਡਣ ਕੀਤਾ ਗਿਆ ਹੈ। ਉਹ ਫੁਰਮਾਉਂਦੇ ਹਨ ਕਿ
“ਮੇਰੀ ਜਾਤ ਕਮੀਨੀ ਪਾਤਿ ਕਮੀਨੀ ਓਛਾ ਜਨਮੁ ਹਮਾਰਾ,
ਤੁਮ ਸਰਨਾਗਤਿ ਰਾਜਾ ਰਾਮ ਚੰਦ ਕਹਿ ਰਵਿਦਾਸ ਚਮਾਰਾ ॥”
151 ਸਾਲ ਦੀ ਉਮਰ ਬਿਤਾ ਕੇ ਭਗਤ ਰਵੀਦਾਸ ਜੀ ਚਿਤੌੜ ਵਿਖੇ ਪ੍ਰਮਾਤਮਾ ਦੇ ਚਰਨਾਂ ‘ਚ ਜਾ ਬਿਰਾਜੇ।ਚਿਤੌੜ ਵਿਖੇ ਭਗਤ ਰਵੀਦਾਸ ਜੀ ਦੀ ਯਾਦ ਵਿੱਚ ਮਹਾਨ ਯਾਦਗਾਰ ਸੁਸ਼ੋਭਿਤ ਹੈ।ਆਪ ਜੀ ਦੀ ਉੱਚੇ ਤੇ ਸੁੱਚੇ ਉਪਦੇਸ਼ ਸਮੁੱਚੀ ਜਾਤੀ ਲਈ ਚਾਨਣ -ਮੁਨਾਰਾ ਬਣ ਕੇ ਰਾਹ ਦਿਖਾਂਦਾ ਰਹੇਗਾ ।