ਚੰਡੀਗੜ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਇੰਚਾਰਜ ਜਰਨੈਲ ਸਿੰਘ ਨੇ ਪੰਜਾਬ ਕਾਂਗਰਸ ਦੇ ਆਗੂ ਸੁਨੀਲ ਜਾਖੜ ਦੇ ਮੁੱਖ ਮੰਤਰੀ ਵਾਲੇ ਬਿਆਨ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਸ ਬਿਆਨ ਤੋਂ ਇਹ ਸਿੱਧ ਹੋ ਗਿਆ ਹੈ ਕਿ ਕਾਂਗਰਸ ਪਾਰਟੀ ਦਿੱਲੀ ਵਿੱਚ ਬੈਠੀ ਆਪਣੀ ਹਾਈਕਮਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੇ ਇਸ਼ਾਰੇ ‘ਤੇ ਨੱਚਣ ਵਾਲੀ ਪਾਰਟੀ ਹੈ। ਗਾਂਧੀ ਪਰਿਵਾਰ ਨੇ ਰਿਮੋਟ ਕੰਟਰੋਲ ਦੀ ਤਰਾਂ ਪੰਜਾਬ ਦੀ ਸਰਕਾਰ ਚਲਾਉਣ ਲਈ ਵਿਧਾਇਕ ਦਲ ਦੀ ਸਿਫ਼ਾਰਸ਼ ਦੇ ਖ਼ਿਲਾਫ਼ ਆਪਣੀ ਮਨਮਰਜੀ ਨਾਲ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ।
ਬੁੱਧਵਾਰ ਨੂੰ ਪਾਰਟੀ ਮੁੱਖ ਦਫ਼ਤਰ ਵਿੱਚ ਮੀਡੀਆ ਨੂੰ ਸੰਬੋਧਨ ਕਰਦਿਆਂ ਜਰਨੈਲ ਸਿੰਘ ਨੇ ਸੁਨੀਲ ਜਾਖੜ ਦੇ ਬਿਆਨ, ਜਿਸ ਵਿੱਚ ਉਨਾਂ ਕਿਹਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਤੋਂ ਬਾਅਦ ਵਿਧਾਇਕ ਦਲ ਦੀ ਹੋਈ ਬੈਠਕ ਵਿੱਚ ਜਾਖੜ ਨੂੰ 42 ਵਿਧਾਇਕਾਂ ਨੇ ਸਮਰਥਨ ਦਿੱਤਾ ਸੀ, ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ 16, ਪਰਨੀਤ ਕੌਰ ਨੂੰ 12, ਨਵਜੋਤ ਸਿੰਘ ਸਿੱਧੂ ਨੂੰ 6 ਅਤੇ ਮੁੱਖ ਮੰਤਰੀ ਚੰਨੀ ਨੂੰ ਕੇਵਲ ਦੋ ਵਿਧਾਇਕਾਂ ਨੇ ਸਮਰਥਨ ਦਿੱਤਾ ਸੀ, ਦਾ ਹਵਾਲਾ ਦਿੰਦਿਆਂ ਕਿਹਾ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੇ ਆਪਣੇ ਵਿਧਾਇਕਾਂ ਦੀ ਮਰਜੀ ਖਿਲਾਫ਼ ਸਿਰਫ਼ ਆਪਣੀ ਸੰਤੁਸ਼ਟੀ ਲਈ ਦੋ ਵਿਧਾਇਕਾਂ ਦੇ ਸਮਰਥਨ ਵਾਲੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਪੰਜਾਬ ਦੀ ਜਨਤਾ ‘ਤੇ ਥੋਪ ਦਿੱਤਾ।
ਉਨਾਂ ਕਿਹਾ ਕਿ ਕਾਂਗਰਸ ਦੇ ਆਗੂ ਆਮ ਆਦਮੀ ਪਾਰਟੀ ‘ਤੇ ਦਿੱਲੀ ਤੋਂ ਚਲਾਏ ਜਾਣ ਦੇ ਦੋਸ਼ ਲਾਉਂਦੇ ਹਨ, ਜਦੋਂਕਿ ਅਸਲੀਅਤ ਇਹ ਹੈ ਕਾਂਗਰਸ ਪਾਰਟੀ ਦਿੱਲੀ ਦੇ ਇਸ਼ਾਰੇ ‘ਤੇ ਚੱਲਦੀ ਹੈ। ਮੁੱਖ ਮੰਤਰੀ ਚੰਨੀ ਇਸ ਦਾ ਸਬੂਤ ਹੈ। ਉਨਾਂ ਕਿਹਾ ਕਿ ਭਾਜਪਾ ਅਤੇ ਕਾਂਗਰਸ ਹਾਈਕਮਾਨ ਹਰੇਕ ਰਾਜ ਵਿੱਚ ਆਪਣੀ ਪਸੰਦ ਦਾ ਮੁੱਖ ਮੰਤਰੀ ਬਣਾ ਕੇ ਲੋਕਾਂ ਦੇ ਸਿਰ ਮੜਦੇ ਹਨ, ਜਦੋਂ ਕਿ ਆਮ ਆਦਮੀ ਪਾਰਟੀ ਨੇ ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਪੰਜਾਬ ਵਿੱਚ ਆਪਣਾ ਮੁੱਖ ਮੰਤਰੀ ਉਮੀਦਵਾਰ ਬਣਾਉਣ ਲਈ ਲੋਕਾਂ ਤੋਂ ਰਾਇ ਲਈ ਅਤੇ ਪੰਜਾਬ ਦੇ ਲੋਕਾਂ ਦੀ ਪਸੰਦ ਦੇ ਅਨੁਸਾਰ ਭਗਵੰਤ ਮਾਨ ਨੂੰ ਆਪਣਾ ਮੁੱਖ ਮੰਤਰੀ ਉਮੀਦਵਾਰ ਐਲਾਨਿਆ ਹੈ।
ਜਰਨੈਲ ਸਿੰਘ ਨੇ ਮੁੱਖ ਮੰਤਰੀ ਲਈ ਕਾਂਗਰਸ ਦੇ ਸਰਵੇ ਬਾਰੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸਰਵੇ ‘ਤੇ ਕਾਂਗਰਸ ਦੇ ਆਗੂ ਸਵਾਲ ਚੁੱਕਦੇ ਸਨ। ਹੁਣ ਉਹ ਖੁਦ ਸਰਵੇ ਕਰਵਾ ਰਹੇ ਹਨ। ਕਾਂਗਰਸ ਹਰ ਮਾਮਲੇ ਵਿੱਚ ਪਹਿਲਾ ਸਵਾਲ ਕਰਦੀ ਹੈ, ਫਿਰ ਆਮ ਆਦਮੀ ਪਾਰਟੀ ਦੀ ਨਕਲ ਕਰਦੀ ਹੈ। ਉਨਾਂ ਕਿਹਾ ਕਿ ਆਪਣੇ ਸਰਵੇ ਵਿੱਚ ਕਾਂਗਰਸ ਤਿੰਨ ਵਿਕਲਪ ਦੇ ਰਹੀ ਹੈ, ਪਹਿਲਾ ਚਰਨਜੀਤ ਸਿੰਘ ਚੰਨੀ, ਦੂਜਾ ਨਵਜੋਤ ਸਿੰਘ ਸਿੱਧੂ ਅਤੇ ਤੀਜਾ ਇਨਾਂ ਵਿੱਚ ਕੋਈ ਨਹੀਂ। ਪਰ ‘ਆਪ’ ਨੇ ਆਪਣੀ ਪਸੰਦ ਦਾ ਮੁੱਖ ਮੰਤਰੀ ਚੁਣਨ ਲਈ ਖੁੱਲਾ ਵਿਕਲਪ ਦਿੱਤਾ ਸੀ। ਦਰਅਸਲ ਕਾਂਗਰਸ ਪਾਰਟੀ ਹਾਰ ਦੇ ਡਰ ਤੋਂ ਬੁਖਲਾ ਗਈ ਹੈ। ਹਾਰ ਦੇ ਡਰ ਤੋਂ ਹੀ ਮੁੱਖ ਮੰਤਰੀ ਚੰਨੀ ਦੋ ਸੀਟਾਂ ਤੋਂ ਚੋਣ ਲੜ ਰਹੇ ਹਨ। ਪਰ ਉਹ ਦੋਵਾਂ ਥਾਵਾਂ ਤੋਂ ਚੋਣ ਹਾਰ ਜਾਣਗੇ। ਇਸ ਵਾਰ ਲੋਕਾਂ ਨੇ ਕਾਂਗਰਸ ਨੂੰ ਸਬਕ ਸਿਖਾਉਣ ਦਾ ਮਨ ਬਣਾ ਲਿਆ ਹੈ ਅਤੇ 20 ਫਰਵਰੀ ਨੂੰ ਪੰਜਾਬ ਦੇ ਲੋਕ ਕਾਂਗਰਸ ਦੀ ਝੂਠ ਅਤੇ ਲੁੱਟ ਦਾ ਜਵਾਬ ਦੇਣਗੇ।

Please follow and like us:

Similar Posts