ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨੇ ਕਾਂਗਰਸ ‘ਤੇ ਹਮਲਾ ਬੋਲਦਿਆਂ ਕਿਹਾ ਕਿ ਕਾਂਗਰਸ ਪਾਰਟੀ ‘ਚ ਟੁੱਟ ਦੇ ਡਰ ਕਾਰਨ ਪੰਜਾਬ ‘ਚ ਆਪਣੇ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰਨ ‘ਚ ਦੇਰ ਕਰ ਰਹੀ ਹੈ। ਕਾਂਗਰਸ ਹਾਰ ਦੇ ਡਰ ਤੋਂ ਬੌਖਲਾ ਗਈ ਹੈ। ਉਨ੍ਹਾਂ ਨੂੰ ਕੁੱਝ ਵੀ ਸੁੱਝ ਨਹੀਂ ਰਿਹਾ ਕਿ ਮੁੱਖ ਮੰਤਰੀ ਦਾ ਚਿਹਰਾ ਕਿਸ ਨੂੰ ਬਣਾਇਆ ਜਾਵੇ। ਕਾਂਗਰਸ ਹਾਈਕਮਾਂਡ ਅਜੇ ਵੀ ਇਸ ਸ਼ੰਕੇ ਵਿੱਚ ਹੈ ਕਿ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦੇ ਨਾਂ ਦਾ ਐਲਾਨ ਕਰੇ ਜਾਂ ਦੂਜੇ ਸੂਬਿਆਂ ਵਾਂਗ ਪੰਜਾਬ ਵਿੱਚ ਵੀ ਦੋ-ਤਿੰਨ ਨੇਤਾਵਾਂ ਦੇ ਨਾਂ ’ਤੇ ਚੋਣ ਲੜੇ।
ਵੀਰਵਾਰ ਨੂੰ ਪਾਰਟੀ ਹੈੱਡਕੁਆਰਟਰ ਵਿਖੇ ਮੀਡੀਆ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਮੂਡ ਦੇਖ ਕੇ ਕਾਂਗਰਸ ਚਿੰਤਾ ਵਿੱਚ ਡੁੱਬ ਗਈ ਹੈ। ਸਾਰੇ ਮੀਡੀਆ ਸਰਵੇਖਣਾਂ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਦੇਖ ਕਾਂਗਰਸ ਬੌਖਲਾ ਗਈ ਹੈ ਅਤੇ ਪਾਰਟੀ ‘ਚ ਫੁੱਟ ਕਾਰਨ ਆਪਣੇ ਕਿਸੇ ਵੀ ਆਗੂ ਨੂੰ ਸਿੱਧੇ ਤੌਰ ‘ਤੇ ਅੱਗੇ ਨਹੀਂ ਕਰ ਰਹੀ। ਮਾਨ ਨੇ ਕਿਹਾ ਕਿ 5 ਫਰਵਰੀ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਵਾਪਸ ਲੈਣ ਦਾ ਆਖਰੀ ਦਿਨ ਹੈ। ਇਸੇ ਲਈ ਕਾਂਗਰਸ ਨੇ ਆਪਣੇ ਮੁੱਖ ਮੰਤਰੀ ਦੇ ਚਿਹਰੇ ਦੇ ਐਲਾਨ ਲਈ 6 ਫਰਵਰੀ ਦਾ ਦਿਨ ਰੱਖਿਆ ਹੈ। ਕਾਂਗਰਸ ਨੂੰ ਡਰ ਹੈ ਕਿ ਜੇਕਰ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦੇ ਨਾਂ ਦਾ ਐਲਾਨ ਪਹਿਲਾਂ ਕਰ ਦਿੱਤਾ ਗਿਆ ਤਾਂ ਉਨ੍ਹਾਂ ਦੀ ਪਾਰਟੀ (ਕਾਂਗਰਸ) ‘ਚ ਵਿਰੋਧੀ ਧੜਿਆਂ ਦੇ ਉਮੀਦਵਾਰ ਵੱਡੀ ਗਿਣਤੀ ਆਪਣੀਆਂ ਨਾਮਜ਼ਦਗੀਆਂ ਵਾਪਸ ਲੈ ਲੈਣਗੇ ਅਤੇ ਉਮੀਦਵਾਰੀ ਛੱਡ ਦੇਣਗੇ।
ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਲਈ ਕਾਂਗਰਸ ਦੇ ਸਰਵੇ ‘ਤੇ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਦਾ ਚਿਹਰਾ ਚੁਣਨ ਲਈ ਆਮ ਆਦਮੀ ਪਾਰਟੀ ਵੱਲੋਂ ਜਨਤਾ ਤੋਂ ਲਈ ਗਈ ਰਾਇ ‘ਤੇ ਕਾਂਗਰਸੀ ਆਗੂ ਸਵਾਲ ਚੁੱਕਦੇ ਸਨ ਅਤੇ ਇਸ ਨੂੰ ਫਰਜ਼ੀ ਦੱਸਦੇ ਸਨ। ਹੁਣ ਆਮ ਆਦਮੀ ਪਾਰਟੀ ਦੀ ਨਕਲ ਕਰਕੇ ਕਾਂਗਰਸ ਖੁਦ ਸਰਵੇ ਕਰਵਾ ਰਹੀ ਹੈ। ਕਾਂਗਰਸ ਹਰ ਮਾਮਲੇ ਵਿੱਚ ਪਹਿਲਾਂ ਸਾਡੇ ‘ਤੇ ਸਵਾਲ ਕਰਦੀ ਹੈ, ਫਿਰ ਸਾਡੀ ਨਕਲ ਕਰਦੀ ਹੈ। ਮਾਨ ਨੇ ਕਿਹਾ ਕਿ ਹੁਣ ਲੋਕਾਂ ਨੇ ਕਾਂਗਰਸ ਨੂੰ ਸਬਕ ਸਿਖਾਉਣ ਦਾ ਮਨ ਬਣਾ ਲਿਆ ਹੈ। ਪੰਜਾਬ ਦੇ ਲੋਕ ਇਸ ਵਾਰ ਆਮ ਆਦਮੀ ਪਾਰਟੀ ਨੂੰ ਮੌਕਾ ਦੇਣ ਲਈ ਪੂਰੀ ਤਰ੍ਹਾਂ ਦ੍ਰਿੜ ਹਨ।