
ਅੰਮ੍ਰਿਤਸਰ : ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਕਨੂੰਨ ਭਾਵੇਂ ਕਿਸਾਨਾਂ ਦੀ ਲੰਬੀ ਜੱਦੋ ਜ਼ਹਿਦ ਤੋਂ ਬਾਅਦ ਵਾਪਸ ਹੋ ਗਏ ਹਨ ਪਰ ਇਸ ਸੰਘਰਸ਼ ਦਰਮਿਆਨ ਜਿਹੜੇ ਕਿਸਾਨਾਂ ਦੀਆਂ ਜਾਨਾਂ ਚਲੀਆਂ ਗਈਆਂ ਉਨ੍ਹਾਂ ਪਰਿਵਾਰਾਂ ਨੂੰ ਇਹ ਸੰਘਰਸ਼ ਸਦਾ ਯਾਦ ਰਹੇਗਾ। ਜੇਕਰ ਗੱਲ ਲਖਮੀਰਪੁਰ ਖੀਰੀ ਵਿਖੇ ਵਾਪਰੀ ਘਟਨਾਂ ਦੀ ਕਰ ਲਈਏ ਤਾਂ ਉਸ ਦਿਨ ਬੀਜੇਪੀ ਸਰਕਾਰ ਦੇ ਜ਼ੁਲਮਾਂ ਦੀ ਇੰਤਹਾ ਹੋ ਗਈ। ਜਦੋਂ ਭਾਜਪਾ ਆਗੂ ਦੇ ਪਰਿਵਾਰਕ ਮੈਂਬਰਾਂ ਨੇ ਸ਼ਾਂਤਮਈ ਸੰਘਰਸ਼ ਕਰ ਰਹੇ ਕਿਸਾਨਾਂ ‘ਤੇ ਗੱਡੀ ਚੜ੍ਹਾ ਦਿੱਤੀ। ਜਿਸ ਦੌਰਾਨ ਕਈ ਕਿਸਾਨਾਂ ਸਮੇਤ ਇੱਕ ਪੱਤਰਕਾਰ ਦੀ ਮੌਤ ਹੋ ਗਈ। ਅੱਜ ਉਸ ਘਟਨਾਂ ਨੂੰ ਲੈ ਕੇ ਅੰਮ੍ਰ੍ਰਿਤਸਰ ਵਿਖੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਪੁਤਲਾ ਸਾੜ ਕੇ ਮੁਜਾਹਰਾ ਕੀਤਾ ਗਿਆ।
ਤੁਹਾਨੂੰ ਦੱਸ ਦਈਏ ਕਿ ਕਿਸਾਨਾਂ ਵੱਲੋਂ ਅੱਜ ਦਾ ਦਿਨ ਵਿਸ਼ਵਾਸਘਾਤ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਗਿਆ ਸੀ।ਇਸ ਮੌਕੇ ਅੰਮ੍ਰਿਤਸਰ ‘ਚ ਪ੍ਰਦਰਸ਼ਨ ਕਰਦਿਆਂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕਨੂੰਨ ਭਾਵੇਂ ਵਾਪਸ ਹੋ ਗਏ ਹਨ ਪਰ ਕਿਸਾਨਾਂ ਦੀਆਂ ਹੋਰ ਮੰਗਾਂ ਅੱਜ ਵੀ ਜਿਉਂ ਦੀਆਂ ਤਿਉਂ ਹਨ। ਉਨ੍ਹਾਂ ਕਿਹਾ ਕਿ ਐੱਮ.ਐੱਸ.ਪੀ ਗਾਰੰਟੀ ਕਨੂੰਨ ਬਣਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਲਖੀਮਪੁਰ ਖੀਰੀ ਹਿੰਸਾ ਮਾਮਲੇ ਦੇ ਮੁਲਜ਼ਮ ਅਜੇ ਮਿਸ਼ਰਾ ਟੈਣੀ ਨੂੰ ਮੰਤਰੀ ਮੰਡਲ ਤੋਂ ਬਰਖਾਸਤ ਕੀਤਾ ਜਾਵੇ।ਪੰਧੇਰ ਨੇ ਮੰਗ ਕੀਤੀ ਕਿ ਕਿਸਾਨਾਂ ਦਾ ਕਰਜਾ ਮਾਫ ਕੀਤਾ ਜਾਣਾ ਚਾਹੀਦਾ ਹੈ ਅਤੇ ਬਜਟ ਸੈਸ਼ਨ ਦੇ ਚਲਦਿਆਂ ਸੰਘਰਸ਼ ‘ਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਣੀ ਚਾਹੀਦੀ ਹੈ।