ਅੰਮ੍ਰਿਤਸਰ, : ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਉਹਨਾਂ ਫੈਸਲਾ ਕੀਤਾ ਹੈ ਕਿ ਉਹ ਆਪਣਾ ਫਰਜ਼ ਨਿਭਾਉਣਗੇ ਤੇ ਮੌਜੂਦਾ ਵਿਧਾਨ ਸਭਾ ਚੋਣਾਂ ਸਿਰਫ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਲੜਨਗੇ ਅਤੇ ਮਜੀਠਾ ਹਲਕੇ ਦੀ ਜ਼ਿੰਮੇਵਾਰੀ ਉਹਨਾਂ ਦੀ ਪਤਨੀ ਗਨੀਵ ਕੌਰ ਮਜੀਠੀਆ ਸੰਭਾਲਣਗੇ।
ਇਥੇ ਇਕ ਪ੍ਰੈਸ ਕਾਨਫਰੰਸ ਨੁੰ ਸੰਬੋਧਨ ਕਰਦਿਆਂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਉਹਨਾਂ ਨੇ ਅੰਮ੍ਰਿਤਸਰ ਪੂਰਬੀ ਹਲਕੇ ਦੇ ਲੋਕਾਂ ਦੇ ਮਨਾਂ ਵਿਚ ਪੈਦਾ ਹੋਈ ਦੁਬਿਧਾ ਵੇਖ ਲਈ ਹੈ ਜੋ ਇਹ ਸੋਚ ਰਹੇ ਹਨ ਕਿ ਦੋ ਹਲਕਿਆਂ ਤੋਂ ਜਿੱਤਣ ਮਗਰੋਂ ਮੈਂ ਸਾਇਦ ਇਹ ਸੀਟ ਛੱਡ ਦਿਆਂ। ਉਹਨਾਂ ਕਿਹਾ ਕਿ ਇਸ ਚਿੰਤਾ ਨੁੰ ਦੂਰ ਕਰਦਿਆਂ ਮੈਂ ਫੈਸਲਾ ਕੀਤਾ ਹੈ ਕਿ ਮੈਂ ਸਿਰਫ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਚੋਣ ਲੜਾਂਗਾ।
ਸਰਦਾਰ ਮਜੀਠੀਆ ਨੇ ਕਿਹਾ ਕਿ ਇਹ ਚੋਣ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਹੰਕਾਰ ਨੁੰ ਤੋੜਨ ਲਈ ਹੈ। ਉਹਨਾਂ ਕਿਹਾ ਕਿ ਉਹ ਉਸਨੁੰ ਹਲਕੇ ਦੇ ਲੋਕਾਂ ਦਾ ਸਤਿਕਾਰ ਕਰਨਾ ਸਿਖਾ ਦੇਣਗ। ਉਹਨਾਂ ਕਿਹਾ ਕਿ ਤੁਸੀਂ ਆਪ ਵੇਖੋਗੇ ਕਿ ਜਦੋਂ ਚੋਣ ਪ੍ਰਚਾਰ ਖਤਮ ਹੋਵੇਗਾ ਤਾਂ ਉਹ ਲੋਕਾਂ ਨੁੰ ਪਿਆਰ ਕਰਨਾ ਸ਼ੁਰੂ ਕਰ ਚੁੱਕਾ ਹੋਵੇਗਾ। ਉਹਨਾਂ ਕਿਹਾ ਕਿ ਉਹ ਬਜ਼ੁਰਗਾਂ ਦਾ ਸਤਿਕਾਰ ਕਰਨਾ ਵੀ ਸਿੱਖ ਜਾਵੇਗਾ। ਉਸਨੁੰ ਹਵਾ ਵਿਚ ਬਿਆਨਬਾਜ਼ੀ ਬੰਦ ਕਰਨੀ ਪਵੇਗੀ ਤੇ ਉਹ ਆਮ ਆਦਮੀ ਵਾਂਗ ਜ਼ਮੀਨੀ ਪੱਧਰ ’ਤੇ ਗੱਲ ਕਰੇਗਾ।
ਸਰਦਾਰ ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਸ੍ਰੀ ਸਿੱਧੂ ਦੇ ਰਵੱਈਏ ਨਾਲ ਅੰਮ੍ਰਿਤਸਰ ਪੂਰਬੀ ਹਲਕੇ ਦੇ ਲੋਕਾਂ ਨੇ ਜ਼ਲਾਲਤ ਮਹਿਸੁਸ ਕੀਤੀ ਹੈ। ਉਹਨਾਂ ਕਿਹਾ ਕਿ ਸਿੱਧੂ ਨੇ ਕਦੇ ਵੀ ਹਲਕੇ ਵਿਚ ਕਿਸੇ ਸਮਾਜਿਕ ਪ੍ਰੋਗਰਾਮ ਵਿਚ ਸ਼ਮੂਲੀਅਤ ਨਹੀਂ ਕੀਤੀ ਤੇ ਨਾ ਹੀ ਉਸਨੇ ਕਿਸੇ ਦੇ ਗੁਜ਼ਰ ਜਾਣ ’ਤੇ ਅਫਸੋਸ ਜ਼ਾਹਰ ਕੀਤਾ ਹੈ। ਉਸ ਨਾ ਸਿਰਫ ਹਲਕੇ ਦੇ ਲੋਕਾਂ ਪ੍ਰਤੀ ਬੇਪਰਵਾਹ ਹੈ ਬਲਕਿ ਉਸਨੇ ਸਪੋਰਟਸ ਸਟੇਡੀਅਮ ਤੇ ਰੇਲਵੇ ਓਵਰ ਬ੍ਰਿਜ ਬਣਾਉਣ ਵਰਗੇ ਚੋਣਾਂ ਮੌਕੇ ਕੀਤੇ ਵਾਅਦਿਆਂ ਬਾਰੇ ਵੀ ਲੋਕਾਂ ਨਾਲ ਧੋਖਾ ਕੀਤਾ ਤੇ ਜਦੋਂ ਚੋਣਾਂ ਮੁੱਕ ਜਾਂਦੀਆਂ ਹਨ ਤਾਂ ਉਹ ਇਹ ਵਾਅਦੇ ਭੁੱਲ ਜਾਂਦਾ ਹੈ। ਉਹਨਾਂ ਕਿਹਾ ਕਿ ਜਦੋਂ ਉਹ ਲੋਕਾਂ ਨੁੰ ਮਿਲਣ ਜਾਵੇਗਾ ਤਾਂ ਆਪ ਹੀ ਹਲਕੇ ਦੀਆਂ ਸੜਕਾਂ ਤੇਗਲੀਆਂ ਦੀ ਹਾਲਤ ਵੇਖ ਲਵੇਗਾ। ਲੋਕ ਉਸਨੁੰ ਪੁੱਛਣਗੇ ਕਿ ਉਹ ਪੀਣ ਵਾਲਾ ਪਾਣੀ ਤੇ ਸੀਵਰੇਜ ਸਹੂਲਤਾਂ ਸਮੇਤ ਬੁਨਿਆਦੀ ਸਹੂਲਤਾਂ ਦੇਣ ਵਿਚ ਨਾਕਾਮ ਕਿਉਂ ਰਿਹਾ? ਉਹਨਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਉਹ ਹਲਕੇ ਦੇ ਲੋਕਾਂ ਨੁੰ ਜਵਾਬ ਦੇਵੇ।
ਸਰਦਾਰ ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਅੰਮ੍ਰਿਤਸਰ ਪੂਰਬੀ ਵਿਚ ਦਿਲ ਜਿੱਤਣ ਆਏ ਹਨ। ਉਹਨਾਂ ਕਿਹਾ ਕਿ ਮੈਂ ਸਖ਼ਤ ਮਿਹਨਤ ਤੇ ਸਮਰਪਣ ਨਾਲ ਕੰਮ ਕਰਦੇ ਮਜੀਠਾ ਹਲਕੇ ਦੇ ਲੋਕਾਂ ਦੇ ਦਿਲ ਜਿੱਤੇ। ਮੈਂ ਉਹਨਾਂ ਦਾ ਅੰਗ ਬਣਿਆ ਤੇ ਉਹਨਾਂ ਨੇ ਵੀ ਮੈਨੁੰ ਅਨੇਕਾਂ ਵਾਰ ਚੁਣ ਕੇ ਆਪਣਾ ਪਿਆਰ ਕਈ ਗੁਣਾ ਵਧਾ ਕੇ ਦਿੱਤਾ। ਉਹਨਾਂ ਕਿਹਾ ਕਿ ਮਜੀਠਾ ਤੋਂ ਅੰਮ੍ਰਿਤਸਰ ਪੂਰਬੀ ਵਿਚ ਜਾਣ ਲੱਗਿਆਂ ਮੇਰਾ ਮਨ ਭਰ ਗਿਆ ਹੈ। ਇਹ ਸੌਖਾ ਫੈਸਲਾ ਨਹੀਂ ਹੈ ਪਰ ਕਈ ਵਾਰ ਹਾਲਾਤ ਤੁਹਾਨੁੰ ਅਜਿਹੇ ਔਖੇ ਫੈਸਲੇ ਲੈਣ ਲਈ ਮਜਬੂਰ ਕਰ ਦਿੰਦੇ ਹਨ ਤੇ ਇਹ ਵੀ ਇਕ ਅਜਿਹਾ ਹੀ ਮਾਮਲਾ ਹੈ। ਉਹਨਾਂ ਕਿਹਾ ਕਿ ਮੈਂ ਮਜੀਠਾ ਦੇ ਲੋਕਾਂ ਤੇ ਆਪਣੀ ਕੋਰ ਟੀਮ ਦਾ ਧੰਨਵਾਦੀ ਹਾਂ ਜਿਹਨਾਂ ਨੇ ਮੈਨੁੰ ਅੰਮ੍ਰਿਤਸਰ ਪੂਰਬੀ ਤੋਂ ਚੋਣ ਲੜਨ ਲਈ ਆਗਿਆ ਤੇ ਆਸ਼ੀਰਵਾਦ ਦਿੱਤਾ ਤੇ ਜੇਕਰ ਹਲਕੇ ਦੀ ਸੇਵਾ ਕਰਦਿਆਂ ਮੇਰੇ ਤੋਂ ਕੋਈ ਕਮੀ ਰਹਿ ਗਈ ਹੋਵੇ ਤਾਂ ਮੈਂ ਖਿਮਾ ਮੰਗਦਾ ਹਾਂ। ਉਹਨਾਂ ਕਿਹਾ ਕਿ ਅੱਜ ਤੱਕ ਮਜੀਠਾ ਹਲਕੇ ਹੀ ਉਹਨਾਂ ਦਾ ਪਰਿਵਾਰ ਸੀ ਤੇ ਹੁਣ ਤੋਂ ਮਜੀਠਾ ਤੇ ਅੰਮ੍ਰਿਤਸਰ ਪੂਰਬੀ ਦੋਵੇਂ ਹਲਕੇ ਉਹਨਾਂ ਦੇ ਪਰਿਵਾਰ ਦਾ ਹਿੱਸਾ ਬਣ ਗਏ ਹਨ।
ਸਰਦਾਰ ਮਜੀਠੀਆ ਨੇ ਕਿਹਾ ਕਿ ਉਹਨਾਂ ਨੁੰ ਵਿਸ਼ਵਾਸ ਹੈ ਕਿ ਉਹਨਾਂ ਦੀ ਪਤਨੀ ਗਨੀਵ ਮਜੀਠੀਆ ਮਜੀਠਾ ਹਲਕੇ ਦੇ ਲੋਕਾਂ ਦੀ ਦਿਲੋਂ ਤੇ ਪੂਰੇ ਜੀਅ ਜਾਨ ਨਾਲ ਸੇਵਾ ਕਰੇਗੀ। ਉਹਨਾਂ ਕਿਹਾ ਕਿ ਇਹ ਫੈਸਲਾ ਉਸ ਲਈ ਸੌਖਾ ਨਹੀਂ ਸੀ ਪਰ ਮੈਨੁੰ ਵਿਸ਼ਵਾਸ ਹੈ ਕਿ ਉਹ ਲੋਕਾਂ ਦੀ ਸੇਵਾ ਕਰਨ ਦੀ ਪਰਿਵਾਰ ਦੀ ਰਵਾਇਤ ਜਾਰੀ ਰੱਖੇਗੀ।