ਅਕਾਲ ਚੈਨਲ ਨਿਊਜ਼ ਡੈਸਕ : ਚੋਣਾਂ ਦਾ ਮਾਹੌਲ ਹੈ ਅਤੇ ਵਾਰ ਪਲਟਵਾਰ ਦੀ ਰਾਜਨੀਤੀ ਖੂਬ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ।ਇਸੇ ਦਰਮਿਆਨ ਹੁਣ ਭਾਜਪਾ ਦੇ ਉਮੀਦਵਾਰ ਅਤੇ ਕਲਾਕਾਰ ਤੋਂ ਰਾਜਨੀਤੀ ‘ਚ ਐਂਟਰੀ ਮਾਰਨ ਵਾਲੇ ਜ਼ਸਬੀਰ ਸਿੰਘ ਜੱਸੀ ਵੱਲੋਂ ਵਿਰੋਧੀਆਂ ਨੂੰ ਖੂਬ ਆੜੇ ਹੱਥੀਂ ਲਿਆ ਗਿਆ ਹੈ। ਇਸ ਮੌਕੇ ਉਨ੍ਹਾਂ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ‘ਤੇ ਗੰਭੀਰ ਦੋਸ਼ ਲਾਏ। ਇਸ ਮੌਕੇ 84 ਦੌਰਾਨ ਕਾਂਗਰਸੀ ਹਕੂਮਤ ਸਮੇਂ ਸਿੱਖਾਂ ‘ਤੇ ਹੋਏ ਅੱਤਿਆਚਾਰ ਯਾਦ ਕਰਵਾਉਂਦਿਆਂ ਵੀ ਖੂਬ ਬਿਆਨੀਆਂ ਜਾਰੀ ਕੀਤੀਆਂ।
ਇਸ ਮੌਕੇ ਬੋਲਦਿਆਂ ਜੱਸੀ ਨੇ ਕਿਹਾ ਕਿ ਸਾਨੂੰ ਇਹ ਕਹਿਣਾ ਚਾਹੀਦਾ ਹੈ ਕਿ ਕਾਂਗਰਸੀ ਹਕੂਮਤ ਵਿੱਚ ਭਾਰਤੀਆਂ ਦਾ ਨਰਸੰਘਾਰ ਹੋਇਆ ਹੈ।ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦਿੱਲੀ ‘ਚ ਵੀ ਉਸ ਸਮੇਂ ਸੁਰੱਖਿਆ ਬਹਾਲ ਨਹੀਂ ਕਰ ਸਕੀ ਤਾਂ ਫਿਰ ਇਹ ਪੰਜਾਬ ਨੂੰ ਕਿਵੇਂ ਸੁਰੱਖਿਅਤ ਕਰ ਸਕਦੀ ਹੈ।ਇਸ ਮੌਕੇ ਉਨ੍ਹਾਂ ਆਪਣੇ ਗੀਤ ਦੀਆਂ ਕੁਝ ਸਤਰਾਂ ਵੀ ਸਾਂਝੀਆਂ ਕੀਤੀਆਂ।ਇਸ ਮੌਕੇ ਉਨ੍ਹਾਂ ਆਮ ਆਦਮੀ ਪਾਰਟੀ ਦਾ ਜਿਕਰ ਕਰਦਿਆਂ ਕਿਹਾ ਕਿ ਜਿਸ ਸਮੇਂ ਭਗਵੰਤ ਮਾਨ ਡਰਦੇ ਹੋਏ ਬਠਿੰਡਾ ਤੋਂ ਚੋਣ ਲੜਨ ਤੋਂ ਭੱਜ ਗਿਆ ਸੀ ਤਾਂ ਉਨ੍ਹਾਂ ਨੇ ਬਠਿੰਡਾ ਤੋਂ 2014 ‘ਚ ਚੋਣ ਲੜੀ।
ਜ਼ਿਕਰ ਏ ਖਾਸ ਹੈ ਕਿ ਜਿਸ ਕਦਰ ਸਾਰੀਆਂ ਹੀ ਪਾਰਟੀਆਂ ਵੱਲੋਂ ਕੀਤੇ ਜਾ ਰਹੇ ਵੱਡੇ ਵੱਡੇ ਐਲਾਨ ਇਸ ਸਮੇਂ ਚਰਚਾ ਦਾ ਵਿਸ਼ਾ ਬਣੇ ਹੋਏ ਹਨ ਤਾਂ ਸ਼ਾਇਦ ਹੀ ਕੋਈ ਅਜਿਹਾ ਸਿਆਸਤਦਾਨ ਹੋਵੇਗਾ ਜਿਹੜਾ ਸਿਆਸੀ ਭਾਸ਼ਣ ਦਿੰਦਿਆਂ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਚਿਹਰਾ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਦੀ ਸ਼ਰਾਬ ਦਾ ਜ਼ਿਕਰ ਨਾ ਕਰੇ। ਇਸ ਮੌਕੇ ਜੱਸੀ ਵੀ ਅਜਿਹੀ ਰਾਜਨੀਤੀ ‘ਚ ਪਿੱਛੇ ਨਹੀਂ ਰਹੇ। ਜੱਸੀ ਨੇ ਕਿਹਾ ਜੇਕਰ ਕੋਈ ਸ਼ਰਾਬੀ ਵਿਅਕਤੀ ਗੱਡੀ ਚਲਾਉਣ ਦੀ ਜ਼ਿੱਦ ਕਰੇ ਤਾਂ ਅਸੀਂ ਗੱਡੀ ਨਹੀਂ ਫੜਾਉਂਦੇ ਤੇ ਇਹ ਪੰਜਾਬ ਸੰਭਾਲਣ ਨੂੰ ਫਿਰਦਾ ਹੈ।