ਚੰਡੀਗੜ੍ਹ : ਸੂਬੇ ਅੰਦਰ 20 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ ਜਿਸ ਨੂੰ ਲੈ ਕੇ ਸਾਰੀਆਂ ਹੀ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ ਜੇਕਰ ਗੱਲ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਭਗਵੰਤ ਸਿੰਘ ਮਾਨ ਦੀ ਕਰੀਏ ਤਾਂ ਆਏ ਦਿਨ ਉਨ੍ਹਾਂ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ । ਪਿਛਲੇ ਦਿਨੀਂ ਜਿੱਥੇ ਚੋਣ ਕਮਿਸ਼ਨਰ ਵੱਲੋਂ ਮਾਨ ਨੂੰ ਨੋਟਿਸ ਜਾਰੀ ਕੀਤਾ ਗਿਆ ਉਥੇ ਹੀ ਹੁਣ ਇਕ ਹੋਰ ਨਵਾਂ ਵਿਵਾਦ ਮਾਨ ਦੇ ਨਾਲ ਜੁੜਦਾ ਦਿਖਾਈ ਦੇ ਰਿਹਾ ਹੈ। ਦਰਅਸਲ ਭਗਵੰਤ ਮਾਨ ਜਲੰਧਰ ਵਿਖੇ ਡੋਰ ਟੂ ਡੋਰ ਪ੍ਰਚਾਰ ਕਰ ਰਹੇ ਸੀ ਜਿੱਥੇ ਭਗਵੰਤ ਮਾਨ ਵੱਲੋਂ ਆਪਣੇ ਗਲ ਵਿਚੋਂ ਹਾਰ ਲਾਹ ਕੇ ਡਾ ਭੀਮ ਰਾਓ ਅੰਬੇਡਕਰ ਦੇ ਬੁੱਤ ਤੇ ਪਾ ਦਿੱਤਾ ਗਿਆ। ਇਸ ਨੂੰ ਲੈ ਕੇ ਭਗਵੰਤ ਮਾਨ ਦਾ ਵਿਰੋਧ ਹੋ ਰਿਹਾ ਹੈ।
ਜ਼ਿਕਰ ਏ ਖਾਸ ਹੈ ਕਿ ਇਹ ਪੂਰਾ ਮਾਮਲਾ ਐਸਸੀ ਕਮਿਸ਼ਨ ਕੋਲ ਪਹੁੰਚ ਚੁੱਕਿਆ ਹੈ ਜਿਸ ਉਪਰੰਤ ਮਾਨ ਨੂੰ ਜਵਾਬ ਤਲਬੀ ਲਈ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਹੈ ।ਦੱਸ ਦਈਏ ਕਿ ਭਗਵੰਤ ਮਾਨ ਖ਼ਿਲਾਫ਼ ਪੰਜਾਬ ਲੋਕ ਕਾਂਗਰਸ ਦੇ ਜਨਰਲ ਸਕੱਤਰ ਜਗਦੀਸ਼ ਜੱਸਲ ਨੇ ਐੱਸ.ਸੀ. ਕਮਿਸ਼ਨ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਤੋਂ ਬਾਅਦ ਮਾਨ ਖ਼ਿਲਾਫ਼ ਐੱਸ.ਸੀ ਕਮਿਸ਼ਨ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ।