ਚੰਡੀਗੜ : ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ, ਸੰਸਦ ਮੈਂਬਰ ਅਤੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਵੱਲੋਂ ਕੀਤੀ ਟਿੱਪਣੀ ਕਿ ‘ਲੋਕਾਂ ਨੂੰ ਗੰਭੀਰਤਾ ਚਾਹੀਦੀ ਹੈ, ਡਰਾਮੇਬਾਜੀ ਜਾਂ ਨੌਟੰਕੀ ਨਹੀ’ ਦੀ ਪ੍ਰੋੜਤਾ ਕਰਦਿਆਂ ਜਵਾਬੀ ਹਮਲਾ ਕੀਤਾ ਹੈ। ਮਾਨ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਸੰਬੋਧਿਤ ਹੁੰਦਿਆਂ ਕਿਹਾ, ”ਪੰਜਾਬ ਨੂੰ ਲੋਕ ਪੱਖੀ ਤੇ ਗੰਭੀਰ ਆਗੂਆਂ ਦੀ ਜ਼ਰੂਰਤ ਹੈ, ਭ੍ਰਿਸ਼ਟ, ਮੀਸਣੇ ਅਤੇ ਮਸੰਦ ਆਗੂਆਂ ਦੀ ਨਹੀਂ। ਜਿਨਾਂ ਦੇ ਰਾਜਕਾਲ ਵਿੱਚ ਪੰਜਾਬ ਨੇ ਖੂਨ ਦੇ ਹੰਝੂ ਵਹਾਏ ਹੋਣ ਅਤੇ ਪੰਜਾਬ ਦੀ ਨੌਜਵਾਨੀ ਨਸ਼ਿਆਂ ਦੀ ਦਲਦਲ ਵਿੱਚ ਡੁੱਬੀ ਹੋਵੇ।”
ਬੁੱਧਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੀ ਸਖ਼ਤ ਅਲੋਚਨਾ ਕਰਦਿਆਂ ਕਿਹਾ,”ਸ਼੍ਰੋਮਣੀ ਅਕਾਲੀ ਦਲ ਅਤੇ ਪੰਜਾਬ ਦੀ ਸਿਆਸਤ ‘ਤੇ ਪ੍ਰਕਾਸ਼ ਸਿੰਘ ਬਾਦਲ ਅਤੇ ਉਨਾਂ ਦੇ ਸਾਕ- ਸੰਬੰਧੀ ਕਾਬਜ ਰਹੇ ਹਨ। ਪ੍ਰਕਾਸ਼ ਸਿੰਘ ਬਾਦਲ ਹੀ ਕਰੀਬ 19-20 ਸਾਲ ਪੰਜਾਬ ਦੇ ਮੁੱਖ ਮੰਤਰੀ ਰਹੇ ਹਨ ਅਤੇ ਉਨਾਂ ਨੂੰ ਸਿਆਣਾ ਆਗੂ ਸਮਝ ਕੇ ਪੰਜਾਬ ਵਾਸੀਆਂ ਨੇ ਪੰਜ ਵਾਰ ਮੁੱਖ ਮੰਤਰੀ ਬਣਾਇਆ ਸੀ। ਪਰ ਪ੍ਰਕਾਸ਼ ਸਿੰਘ ਬਾਦਲ ਦੇ ਰਾਜਕਾਲ ਵਿੱਚ ਜਿਹੜਾ ਹਾਲ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਹੋਇਆ ਹੈ, ਉਹ ਕਿਸੇ ਤੋਂ ਲੁਕਿਆ ਨਹੀਂ ਹੈ।
ਪ੍ਰਕਾਸ਼ ਸਿੰਘ ਬਾਦਲ ਦੇ ਸਿਆਸੀ ਦੌਰ ਵਿੱਚ ਪੰਜਾਬ ਨੇ ਉਹ ਸੰਤਾਪ ਭੋਗਿਆ, ਜਿਹੜਾ ਪੰਜਾਬ ਦੀਆਂ ਕਈ ਪੀੜੀਆਂ ਭੁੱਲ ਨਹੀਂ ਸਕਦੀਆਂ। ਸ੍ਰੀ ਗੁਰੂ ਗਰੰਥ ਸਾਹਿਬ ਦੀਆਂ ਬੇਅਦਬੀਆਂ, ਨੌਜਵਾਨੀ ਦਾ ਘਾਣ, ਪੰਜਾਬ ਸਿਰ ਕਰਜੇ ਦੀ ਪੰਡ, ਮਾਫ਼ੀਆ ਰਾਜ ਅਤੇ ਨਸ਼ੇ ਦਾ ਸਾਮਰਾਜ ਸਭ ਪ੍ਰਕਾਸ਼ ਸਿੰਘ ਬਾਦਲ ਦੀ ਦੇਣ ਹੈ।” ਉਨਾਂ ਸਵਾਲ ਕੀਤਾ ਕਿ ਪ੍ਰਕਾਸ਼ ਸਿੰਘ ਬਾਦਲ ਦੱਸ ਸਕਦੇ ਹਨ ਕਿ ਗੰਭੀਰਤਾ ਕੀ ਹੁੰਦੀ ਹੈ? ਗੰਭੀਰ ਆਗੂ ਕਿਹੜਾ ਹੁੰਦਾ? ਪਿਛਲੇ 50 ਸਾਲ ਪੰਜਾਬ ਡਰਾਮੇਬਾਜੀ ਕੌਣ ਕਰਦਾ ਰਿਹਾ?
ਮਾਨ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਪੁੱਛਿਆ, ”ਉਸ ਆਗੂ ਨੂੰ ਕੀ ਕਿਹਾ ਜਾਵੇ ਜਿਹੜੇ ਪੰਜਾਬ ਨੂੰ ਬਲਦੀ ਭੱਠੀ ਵਿੱਚ ਝੋਕ ਕੇ ਦੂਜੇ ਸੂਬੇ ਵਿਚਲੇ ਫਾਰਮ ਹਾਊਸ ‘ਤੇ ਜਾ ਬੈਠੇ ਅਤੇ ਆਪਣੇ ਪੁੱਤ ਨੂੰ ਵਿਦੇਸ਼ ਭੇਜ ਦੇਵੇ। ਆਮ ਲੋਕਾਂ ਦੇ ਪੁੱਤਾਂ ਨੂੰ ਪੰਥ ਬਚਾਉਣ ਲਈ ਅੱਗ ਝੋਕ ਦੇਵੇ, ਫਿਰ ਜਦੋਂ ਰਾਜਭਾਗ ਕਰਨ ਦਾ ਮੌਕਾ ਆ ਜਾਵੇ ਤਾਂ ਆਪਣੇ ਪੁੱਤ ਨੂੰ ਵਿਦੇਸ਼ ਤੋਂ ਸੱਦ ਕੇ ਸਰਕਾਰ ਦੀ ਵਾਂਗਡੋਰ ਉਸ ਦੇ ਹੱਥ ਫੜਾ ਦੇਵੇ।” ਉਨਾਂ ਕਿਹਾ ਕਿ ਸੱਤਾ ਵਿੱਚ ਰਹੇ ਬਾਦਲ ਪਰਿਵਾਰ, ਕੈਪਟਨ ਪਰਿਵਾਰ ਸਮੇਤ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਨੇ ਵਾਰੀ ਬੰਨ ਕੇ ਪੰਜਾਬ ਦੇ ਖ਼ਜ਼ਾਨੇ ਨੂੰ ਲੁੱਟਿਆ ਅਤੇ ਪੰਜਾਬ ਨੂੰ ਉਜਾੜਿਆ ਹੈ। ਪਿੰਡਾਂ ਵਿੱਚ ਸਿਵਿਆਂ ਦੀਆਂ ਅੱਗਾਂ ਮਚਾਈਆਂ ਅਤੇ ਚੁੱਲਿਆਂ ਦੀਆਂ ਅੱਗਾਂ ਠਾਰੀਆਂ ਹਨ। ਇਨਾਂ ਆਗੂਆਂ ਨੇ ਆਪੋ ਆਪਣੀਆਂ ਸੱਤ ਸੱਤ ਪੁਸਤਾਂ ਲਈ ਧਨ ਇੱਕਠਾ ਕਰ ਲਿਆ, ਜਦੋਂ ਕਿ ਪੰਜਾਬ ਦਾ ਇੱਕ ਇੱਕ ਜੀਅ ਕਰਜੇ ਦੇ ਦਰਿਆ ਵਿੱਚ ਡੋਬ ਦਿੱਤਾ।
ਭਗਵੰਤ ਮਾਨ ਨੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕਹੇ ਸ਼ਬਦਾਂ ਰਾਹੀਂ ਜਵਾਬ ਦਿੰਦਿਆਂ ਕਿਹਾ ਕਿ ਬਾਦਲ ਸਾਬ ਪੰਜਾਬ ‘ਤੇ ਰਹਿਮ ਕਰੋ ਅਤੇ ਕੋਈ ਗੰਭੀਰ ਗੱਲ ਕਰੋ। ਪੰਜਾਬ, ਪੰਥ ਅਤੇ ਪੰਜਾਬੀਆਂ ਨੇ ਤੁਹਾਡੇ ਰਾਜ ਦੇ ਸੰਤਾਪ ਨੂੰ ਆਪਣੇ ਪਿੰਡੇ ‘ਤੇ ਹੰਢਾਇਆ ਹੈ। ਪੰਜਾਬ ਦੇ ਲੋਕ ਇਸ ਵਾਰ ਵਿਧਾਨ ਸਭਾ ਚੋਣਾ ਨੂੰ ਜ਼ਰੂਰ ਗੰਭੀਰਤਾ ਨਾਲ ਲੈਣਗੇ। ਡਰਾਮੇਬਾਜੀ ਅਤੇ ਨੌਟੰਕੀ ਕਰਨ ਵਾਲੇ ਮੀਸਣੇ-ਮਸੰਦ ਆਗੂਆਂ ਨੂੰ ਮੂੰਹ ਨਹੀਂ ਲਾਉਣਗੇ। ਉਨਾਂ ਕਿਹਾ, ”ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਬਾਦਲ ਪਰਿਵਾਰ ਦੇ ਰਾਜਕਾਲ ਨੂੰ ਪਰਖ ਲਿਆ। ਪੰਥ ਅਤੇ ਪੰਜਾਬੀਅਤ ਦਾ ਨਕਾਬ ਪਾਉਣ ਵਾਲੇ ਦੋਗਲੇ ਚਿਹਰਿਆਂ ਵਾਲੇ ਆਗੂਆਂ ਦੀ ਪੰਜਾਬ ਦੇ ਲੋਕਾਂ ਨੂੰ ਪਛਾਣ ਹੋ ਗਈ ਹੈ। ਇਸ ਲਈ ਹੁਣ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦਾ ਨਿਸ਼ਚਾ ਕੀਤਾ ਹੋਇਆ ਹੈ ਤਾਂ ਜੋ ਵਾਰੀ ਬੰਨ ਕੇ ਪੰਜਾਬ ਨੂੰ ਲੁੱਟਣ ਵਾਲੀਆਂ ਪਾਰਟੀਆਂ ਅਤੇ ਗੈਰ- ਗੰਭੀਰ ਆਗੂਆਂ ਤੋਂ ਪੰਜਾਬ ਨੂੰ ਬਚਾਇਆ ਜਾ ਸਕੇ।