ਮੌੜ ਮੰਡੀ : ਚੋਣ ਅਖਾੜਾ ਲਗਾਤਾਰ ਭੱਖਿਆ ਹੋਇਆ ਹੈ । ਜਿਸਦੇ ਚਲਦਿਆਂ ਬਠਿੰਡਾ ਦੇ ਹਲਕਾ ਮੌੜ ਮੰਡੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਖਵੀਰ ਸਿੰਘ ਮਾਈਸਰਖਾਨਾ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਲਈ ਆਪ ਵਿਧਾਇਕ ਅਤੇ ਪੰਜਾਬ ਸਹਿ ਇੰਚਾਰਜ ਰਾਘਵ ਚੱਢਾ ਪਹੁੰਚੇ। ਇਸ ਮੌਕੇ ਉਨ੍ਹਾਂ ਵਿਰੋਧੀਆਂ ਨੂੰ ਖੂਬ ਲੰਬੇ ਹੱਥੀਂ ਲਿਆ।ਦਰਅਸਲ ਇਸ ਪਿਛਲੇ ਦਿਨੀਂ ਕੇਜਰੀਵਾਲ ਸਰਕਾਰ ਵੱਲੋਂ ਦਿੱਲੀ *ਚ ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਗਿਆ ਹੈ। ਇਸ ਨੂੰ ਲੈ ਕੇ ਹੀ ਰਾਘਵ ਚੱਢਾ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਘੇਰਿਆ ਹੈ। ਚੱਢਾ ਨੇ ਚਰਨਜੀਤ ਚੰਨੀ ਨੂੰ ਸਿੱਧਾ ਸਵਾਲ ਕਰਦਿਆਂ ਕਿਹਾ ਕਿ ਉਹ ਪੰਜਾਬ ਵਿੱਚ ਛੱਤੀ ਹਜ਼ਾਰ ਕਾਮੇ ਹਨ। ਚੰਨੀ ਕਿਸੇ ਇੱਕ ਵਿਅਕਤੀ ਦੀ ਵੀ ਜਾਣਕਾਰੀ ਦੇਣ ਜਿਸ ਨੂੰ ਉਨ੍ਹਾਂ ਨੇ ਪੱਕਾ ਕੀਤਾ ਹੋਵੇ।
ਇਸ ਮੌਕੇ ਬੋਲਦਿਆਂ ਰਾਘਵ ਚੱਢਾ ਨੇ ਦਾਅਵਾ ਕੀਤਾ ਕਿ ਜਦੋਂ ਪੰਜਾਬ *ਚ ਆਮ ਆਦਮੀ ਪਾਰਟੀ ਦੀ ਸਰਕਾਰ ਆਵੇਗੀ ਤਾਂ ਇਨ੍ਹਾਂ ਮੁਲਾਜ਼ਮਾਂ ਨੂੰ ਪਹਿਲ ਦੇ ਅਧਾਰ *ਤੇ ਪੱਕਾ ਕੀਤਾ ਜਾਵੇਗਾ ਅਤੇ ਸਾਰੇ ਮਸਲੇ ਹੱਲ ਕੀਤੇ ਜਾਣਗੇ।ਇਸ ਮੌਕੇ ਉਨ੍ਹਾਂ ਜਿੱਥੇ ਭਾਜਪਾ ਨੂੰ ਲੰਬੇ ਹੱਥੀਂ ਲਿਆ ਤਾਂ ਉੱਥੇ ਹੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ *ਤੇ ਵੀ ਖੂਬ ਸ਼ਬਦੀ ਵਾਰ ਕੀਤੇ।ਭਾਜਪਾ ਬਾਰੇ ਬੋਲਦਿਆਂ ਚੱਢਾ ਨੇ ਕਿਹਾ ਕਿ ਇਹ ਨਾਨ ਪਲੇਅਰਜ਼ ਹਨ ਇਨ੍ਹਾਂ ਦਾ ਪੰਜਾਬ ਦੀ ਸਿਆਸਤ *ਚ ਕੋਈ ਅਧਾਰ ਨਹੀਂ ਹੈ। ਚੱਢਾ ਨੇ ਦੱਸਿਆ ਕਿ ਇਨ੍ਹਾਂ ਬਾਰੇ ਗੱਲ ਕਰਕੇ ਸਿਰਫ ਸਮੇਂ ਦੀ ਬਰਬਾਦੀ ਕਰਨਾ ਹੈ।ਇਸ ਮੌਕੇ ਜਦੋਂ ਡੇਰਾ ਮੁਖੀ ਰਾਮ ਰਹੀਮ ਨੂੰ ਲੈ ਕੇ ਚੱਢਾ ਨੂੰ ਸਵਾਲ ਕੀਤਾ ਕਿ ਕੀ ਅਰਵਿੰਦ ਕੇਜਰੀਵਾਲ ਅਤੇ ਰਾਮ ਰਹੀਮ ਦੀ ਮਿਲਣੀ ਹੋ ਰਹੀ ਹੈ ਤਾਂ ਚੱਢਾ ਨੇ ਜਵਾਬ ਦਿੰਦਿਆਂ ਕਿਹਾ ਕਿ ਇਹ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੀ ਰਾਜਨੀਤੀ ਹੈ ਅਤੇ ਸਾਨੂੰ ਇਸ ਤੋਂ ਦੂਰ ਰਹਿਣਾ ਚਾਹੀਦਾ ਹੈ।