“ਜ਼ੰਮਿਆ ਪੂਤੁ ਭਗਤੁ ਗੋਵਿੰਦ ਕਾ॥
ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ ॥”

ਜਿਸ ਕੁਲ ਜਾਤੀ ਦੇਸ ਕੇ ਬੱਚੇ ਦੇ ਸਕਤੇ ਹੈਂ ਯੌਂ ਬਲੀਦਾਨ।

ਉਸ ਕਾ ਵਰਤਮਾਨ ਕੁਛ ਭੀ ਹੋ ਭਵਿਸ਼ਯ ਹੈ ਮਹਾਂ ਮਹਾਨ

ਨਿਊਜ਼ ਡੈਸਕ (ਰਜਿੰਦਰ ਸਿੰਘ) : ਸਾਹਿਬਜਾਦਿਆਂ ਦੀ ਕੁਰਬਾਨੀ ਨੂੰ ਸਮਰਪਿਤ ਮੈਥਿਲੀ ਸ਼ਰਨ ਗੁਪਤਾ ਵੱਲੋਂ ਲਿਖੀਆਂ ਗਈਆਂ ਇਹ ਸਤਰਾਂ ਸਿੱਖ ਇਤਿਹਾਸ ਦੀ ਸ਼ਾਨ ਨੂੰ ਹੋਰ ਵੀ ਬੁਲੰਦ ਕਰ ਦਿੰਦੀਆਂ ਹਨ। ਖਾਲਸੇ ਨੇ ਹਮੇਸ਼ਾ ਹੀ ਜੇਕਰ ਕਿਸੇ *ਤੇ ਜ਼ੁਲਮ ਨਹੀਂ ਕੀਤਾ ਤਾਂ ਫਿਰ ਜ਼ੁਲਮ ਸਹਿਣ ਵੀ ਨਹੀਂ ਕੀਤਾ। ਗੁਰੂ ਸਾਹਿਬਾਨ ਵੱਲੋਂ ਦਿੱਤੇ ਗਏ ਸੰਦੇਸ਼ ਨੂੰ ਆਪਣੀ ਜ਼ਿੰਦਗੀ *ਚ ਲਾਗੂ ਕਰਦਿਆਂ ਸਿੰਘਾਂ ਨੇ ਬੜੀ ਬਹਾਦਰੀ ਸੂਰਬੀਰਤਾ ਨਾਲ ਜ਼ੁਲਮ ਦਾ ਅੰਤ ਕੀਤਾ।ਇੱਕ ਅਜਿਹਾ ਹੀ ਸੂਰਬੀਰ ਯੋਧਾ ਮਹਾਂਬਲੀ ਜਿਸ ਦਾ ਨਾਮ ਅਸੀਂ ਬੜੇ ਸਤਿਕਾਰ ਨਾਲ ਲੈਂਦੇ ਹਾਂ ਉਹ ਹੈ ਸਾਹਿਬਜ਼ਾਦਾ ਅਜ਼ੀਤ ਸਿੰਘ ਜੀ।ਬਾਬਾ ਅਜੀਤ ਸਿੰਘ ਜੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਵੱਡੇ ਲਖਤ ਏ ਜ਼ਿਗਰ ਨੌਵੋਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪੋਤਰੇ ਅਤੇ ਛੇਵੇਂ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੜਪੋਤੇ ਸਨ। ਆਪ ਜੀ ਦਾ ਜਨਮ 1686 ਈ ਨੂੰ ਅੱਜ ਦੇ ਦਿਨ ਸ਼੍ਰੀ ਪਾਉਂਟਾ ਸਾਹਿਬ ਵਿਖੇ ਹੋਇਆ। ਆਪ ਜੀ ਬੜੇ ਹੀ ਚੁੱਸਤ, ਸਮਝਦਾਰ ਅਤੇ ਬਹੁਤ ਹੀ ਬਹਾਦੁਰ ਨੌਜਵਾਨ ਸਨ। ਛੋਟੇ ਹੁੰਦਿਆ ਹੀ ਉਹ ਗੁਰਬਾਣੀ ਦੇ ਪ੍ਰਤੀ ਸ਼ਰਧਾ ਰੱਖਦੇ ਸਨ।
ਸਾਹਿਬਜ਼ਾਦਾ ਅਜੀਤ ਸਿੰਘ ਜੀ ਬਚਪਨ ਤੋਂ ਹੀ ਘੋੜਸਵਾਰੀ, ਕੁਸ਼ਤੀ, ਤਲਵਾਰਬਾਜੀ ਅਤੇ ਬੰਦੂਕ, ਤੀਰ ਆਦਿ ਚਲਾਉਣ ਦੇ ਸ਼ੌਕੀਨ ਸਨ ਅਤੇ ਆਪ ਜੀ ਨੇ ਬੜੀ ਛੋਟੀ ਉਮਰੇ ਹੀ ਇੱਕ ਚੰਗੇ ਯੋਧੇ ਦੀ ਤਰ੍ਹਾਂ ਇਸ ਵਿੱਚ ਮੁਹਾਰਤ ਹਾਸਲ ਕਰ ਲਈ ਸੀ।ਇੱਕ ਵਾਰ ਸ੍ਰੀ ਆਨੰਦਪੁਰ ਸਾਹਿਬ ਵਿਖੇ ਸਤਿਗੁਰੂ ਜੀ ਦੇ ਦਰਸ਼ਨਾਂ ਲਈ ਆ ਰਹੇ 100 ਸ਼ਰਧਾਲੂਆਂ ਦੇ ਜਥੇ ਨੂੰ ਨੂਰ ਪਿੰਡ ਨੇੜੇ ਰੰਘੜਾ ਨੇ ਲੁੱਟ ਲਿਆ ਸੀ ਉਸ ਸਮੇਂ ਆਪ ਜੀ ਦੀ ਉਮਰ ਕਰੀਬ 12 ਸਾਲ ਸੀ। ਆਪ ਜੀ ਨੇ ਬੜੀ ਬਹਾਦਰੀ ਨਾਲ ਉਨ੍ਹਾਂ ਨੂੰ ਸਬਕ ਸਿਖਾਇਆ।ਜਦੋਂ ਵੀ ਦੁਸ਼ਮਣਾ ਨੇ ਖਾਲਸੇ *ਤੇ ਚੜ੍ਹਾਈ ਕੀਤੀ ਤਾਂ ਆਪ ਜੀ ਨੇ ਉਨ੍ਹਾਂ ਮੁਹਿੰਮਾਂ *ਚ ਬੜੀ ਬਹਾਦਰੀ ਅਤੇ ਸਾਹਸ ਨਾਲ ਹਿੱਸਾ ਲਿਆ। ਤਾਰਾਗੜ੍ਹ ਕਿਲ੍ਹਾ ਹੋਵੇ ਜਾਂ ਫਿਰ ਨਿਰਮੋਹਗੜ੍ਹ ਇਨ੍ਹਾਂ ਵੱਲੋਂ ਦੁਸ਼ਮਣਾਂ ਨੇ ਜਦੋਂ ਮੈਲੀ ਅੱਖ ਨਾਲ ਦੇਖਿਆ ਤਾਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਆਪਣੀ ਕਿਰਪਾਨ ਦੇ ਐਸੇ ਜ਼ੌਹਰ ਦਿਖਾਏ ਕੇ ਵੈਰੀ ਥਰ ਥਰ ਕੰਬ ਉੱਠਿਆ।
ਉਸ ਸਮੇਂ ਹਾਲਾਤ ਇਹ ਸਨ ਕਿ ਮੁਗਲਾਂ ਵੱਲੋਂ ਹਿੰਦੂਆਂ *ਤੇ ਬੜੇ ਅੱਤਿਆਚਾਰ ਕੀਤੇ ਜਾ ਰਹੇ ਸਨ।ਬਸੀਆਂ ਦਾ ਮਾਲਿਕ ਹਾਕਮ ਜਾਬਰ ਖਾਨ ਜ਼ਬਰਦਸਤੀ ਹਿੰਦੂਆਂ ਲੜਕੀਆਂ (ਕੁੜੀਆਂ), ਔਰਤਾਂ (ਜਨਾਨੀਆਂ) ਨੂੰ ਚੁੱਕ ਕੇ ਲੈ ਜਾਂਦਾ ਅਤੇ ਬੇਇੱਜਤੀ ਕਰਦਾ ਸੀ। ਇੱਕ ਪ੍ਰਸੰਗ ਵਿੱਚ ਹੁਸ਼ਿਆਰਪੁਰ ਜਿਲ੍ਹੇ ਦੇ ਜੋਜੇ ਸ਼ਹਿਰ ਦੇ ਗਰੀਬ ਬ੍ਰਾਹਮਣ ਦੀ ਧਰਮਪਤਨੀ ਦੀ ਡੋਲੀ ਹਾਕਮ ਜਾਬਰ ਖਾਨ ਹਥਿਆ ਕੇ ਆਪਣੇ ਮਹਲ ਲੈ ਆਇਆ। ਦੁਖੀ ਬ੍ਰਾਹਮਣ ਨੇ ਸਰਕਾਰੇ ਦਰਬਾਰੇ ਜਾ ਕੇ ਬਹੁਤ ਮਿਣਤਾਂ ਤਰਲੇ ਕੀਤੇ ਪਰ ਉਸ ਦੀ ਕੋਈ ਸੁਣਵਾਈ ਨਾ ਹੋਈ। ਅੰਤ ਥੱਕ ਹਾਰ ਕੇ ਦੇਵੀ ਦਾਸ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਪਹੁੰਚਿਆ । ਗੁਰੂ ਜੀ ਨੇ ਤੁਰੰਤ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਆਦੇਸ਼ ਕੀਤਾ ਕਿ ਉਹ ਜ਼ਾਬਰ ਖਾਨ ਪਾਸੋਂ ਬ੍ਰਹਮਣ ਦੀ ਪਤਨੀ ਨੂੰ ਛੁਡਵਾ ਕੇ ਲੈ ਕੇ ਆਉਣ। ਸਾਹਿਬਜਾਦੇ ਨੇ ਕੁਝ ਸਿੰਘ ਲੈ ਕੇ ਜਾਬਰ ਖਾਨ *ਤੇ ਹਮਲਾ ਕਰ ਦਿੱਤਾ। ਜੰਗ ਏ ਮੈਦਾਨ ਅੰਦਰ ਉਸ ਨੂੰ ਬੁਰੀ ਤਰ੍ਹਾਂ ਹਰਾਇਆ। ਫਿਰ ਜਦੋਂ ਮੁਗਲਾਂ ਦੇ ਲੰਬੇ ਘੇਰੇ ਤੋਂ ਬਾਅਦ ਗੁਰੂ ਜੀ ਨੇ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਤਾਂ ਆਪ ਜੀ ਵੀ ਨਾਲ ਸਨ।ਗੁਰੂ ਜੀ ਨੇ ਪੂਰੇ ਕਾਫਲੇ ਦੀ ਸਫਬੰਦੀ ਕੀਤੀ ਤਾਂ ਸਭ ਤੋਂ ਪਿੱਛਲੀ ਵਾਹੀ ਤੋਂ ਸਾਹਿਬਜਾਦਾ ਅਜੀਤ ਸਿੰਘ ਜੀ ਦੁਸ਼ਮਣਾ ਨੂੰ ਰੋਕ ਰਹੇ ਸਨ ਤਾਂ ਗੁਰੂ ਜੀ ਆਪ ਖੁਦ ਕਾਫਲੇ ਦੀ ਅਗਵਾਈ ਕਰ ਰਹੇ ਸਨ। ਸਰਸਾ ਦੇ ਕੰਢੇ ਤੱਕ ਗਹਿ ਗੱਚ ਲੜਾਈ ਹੁੰਦੀ ਰਹੀ। ਬਾਬਾ ਜੀ ਨੇ ਆਪਣੀ ਕਿਰਪਾਨ ਨੇ ਵੱਡੀ ਗਿਣਤੀ *ਚ ਵੈਰੀਆਂ ਦੇ ਆਹੂ ਲਾਹੇ।ਫਿਰ ਜਦੋਂ ਪਰਿਵਾਰ ਵਿਛੋੜੇ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਸਮੇਤ ਆਮ ਚਮਕੌਰ ਦੀ ਗੜ੍ਹੀ ਪਹੁੰਚੇ ।ਇਹ 7 ਪੋਹ ਦੀ ਸ਼ਾਮ ਦਾ ਸਮਾਂ ਹੁੰਦਾ ਹੈ ਅਤੇ 8 ਪੋਹ ਨੂੰ ਸਵੇਰ ਤੱਕ ਚਮਕੌਰ ਦੀ ਗੜ੍ਹੀ ਨੂੰ ਮੁਗਲ ਫੌਜਾਂ ਘੇਰਾ ਪਾ ਲੈਂਦੀਆਂ ਹਨ। ਇੱਕ ਪਾਸੇ ਸਿੰਘਾਂ ਦੀ ਗਿਣਤੀ ਸਿਰਫ 40 ਦੇ ਕਰੀਬ ਦੱਸੀ ਗਈ ਹੈ ਅਤੇ ਦੂਜੇ ਪਾਸੇ ਮੁਗਲਾਂ ਦੀ ਗਿਣਤੀ 10 ਲੱਖ ਦੱਸੀ ਗਈ ਹੈ। ਸਿੰਘ ਬੜੀ ਬਹਾਦਰੀ ਨਾਲ ਲੜਦੇ ਹੋਏ ਸ਼ਹੀਦ ਹੁੰਦੇ ਹਨ। ਇਸ ਸਮੇਂ ਸਾਹਿਬਜ਼ਾਦਾ ਖੁਦ ਆ ਕੇ ਗੁਰੂ ਗੋਬਿੰਦ ਸਿੰਘ ਜੀ ਤੋਂ ਜੰਗ ਏ ਮੈਦਾਨ ਅੰਦਰ ਜਾਣ ਦੀ ਇਜਾਜ਼ਤ ਮੰਗਦੇ ਹਨ। ਗੁਰੂ ਸਾਹਿਬ ਖੁਸ਼ ਹੋ ਕੇ ਆਪਣੇ ਹੱਥੀ ਤਿਆਰ ਕਰਕੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੂੰ ਮੈਦਾਨੇ ਜੰਗ ਅੰਦਰ ਭੇਜਦੇ ਹਨ।
ਸਾਹਿਬਜਾਦਾ ਅਜੀਤ ਸਿੰਘ ਦੇ ਮਨ ਵਿੱਚ ਕੁੱਝ ਕਰ ਗੁਜਰਣ ਦੇ ਵਲਵਲੇ ਸਨ, ਯੁੱਧਕਲਾ ਵਿੱਚ ਨਿਪੁਨਤਾ ਸੀ। ਬਸ ਫਿਰ ਕੀ ਸੀ ਉਹ ਆਪਣੇ ਚਾਰ ਹੋਰ ਸਿੱਖਾਂ ਨੂੰ ਲੈ ਕੇ ਗੜੀ ਵਲੋਂ ਬਾਹਰ ਆਏ ਅਤੇ ਮੁਗਲਾਂ ਦੀ ਫੌਜ ਉੱਤੇ ਅਜਿਹੇ ਟੁੱਟ ਪਏ ਜਿਵੇਂ ਸ਼ੇਰ ਮਿਰਗ–ਸ਼ਾਵਕਾਂ ਉੱਤੇ ਟੂੱਟਦਾਂ ਹੈ।ਅਜੀਤ ਸਿੰਘ ਜੀ ਜਿਸ ਵੀ ਮੁਗਲ *ਤੇ ਵਾਰ ਕਰਦੇ ਹਨ ਉਹ ਪਾਣੀ ਨਹੀਂ ਮੰਗਦਾ ਧਰਤੀ *ਤੇ ਡਿੱਗ ਪੈਂਦਾ ਹੈ। ਪੰਜ ਸਿੰਘਾਂ ਦੇ ਜਥੇ ਨੇ ਸੈਂਕੜਿਆਂ ਮੁਗਲਾਂ ਨੂੰ ਕਾਲ ਦਾ ਗਰਾਸ ਬਣਾ ਦਿੱਤਾ।ਇੱਕ ਵਾਰ ਮੈਦਾਨੇ ਜੰਗ ਅੰਦਰ ਭਾਜੜ ਪੈ ਜਾਂਦੀ ਹੈ। ਜਿਸ ਵੇਲੇ ਸਾਹਿਬਜ਼ਾਦਾ ਅਜੀਤ ਸਿੰਘ ਚਮਕੌਰ ਦੇ ਮੈਦਾਨ ਵਿੱਚ ਜੂਝ ਰਹੇ ਸੀ ਤਾਂ ਦੁਸ਼ਮਣ ਦੀ ਫ਼ੌਜ ਦਾ ਹਰ ਸਿਪਾਹੀ ਚਾਹੁੰਦਾ ਸੀ ਕਿ ਮੇਰਾ ਵਾਰ ਸਾਹਿਬਜ਼ਾਦਾ ਅਜੀਤ ਸਿੰਘ ਤੇ ਲੱਗੇ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਦੀ ਮੌਤ ਮੇਰੇ ਹੱਥੋਂ ਹੋਵੇ ਤਾਂ ਕਿ ਮੈਂ ਬਾਦਸ਼ਾਹ ਤੋਂ ਵੱਡਾ ਇਨਾਮ ਲੈ ਸਕਾਂ ਕਿ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਨੂੰ ਮੈਂ ਕਤਲ ਕੀਤਾ ਹਰ ਪਾਸਿਓਂ ਸਾਹਿਬਜ਼ਾਦਾ ਅਜੀਤ ਸਿੰਘ ਤੇ ਮੁਗਲ ਫੌਜ਼ ਟੁੱਟ ਕੇ ਪੈ ਜਾਂਦੀ ਹੈ। ਇਤਿਹਾਸ ਵਿੱਚ ਜ਼ਿਕਰ ਮਿਲਦਾ ਕਿ ਜਦੋਂ ਸਾਹਿਬਜ਼ਾਦਾ ਅਜੀਤ ਸਿੰਘ ਜਦੋਂ ਜ਼ਮੀਨ ਤੇ ਡਿੱਗੇ ਸੀ ਤਾਂ ਉਹਨਾਂ ਦੇ ਸਰੀਰ ਉੱਪਰ ਤਿੰਨ ਸੌ ਤੋਂ ਵੱਧ ਫੱਟਾਂ ਦੇ ਵਾਰ ਸੀ।ਜਦੋਂ ਸਾਹਿਬਜਾਦਾ ਅਜੀਤ ਸਿੰਘ ਜੀ ਸ਼ਹੀਦ ਹੁੰਦੇ ਹਨ ਤਾਂ ਗੁਰੂ ਪਾਤਸ਼ਾਹ ਜੀ ਚਮਕੌਰ ਦੀ ਗੜ੍ਹੀ ਦੀ ਮੰਮਟੀ ਤੇ ਖੜ੍ਹਕੇ ਗੁਰੂ ਗੋਬਿੰਦ ਸਿੰਘ ਜੀ ਜੈਕਾਰਾ ਛੱਡਦੇ ਹਨ।ਗੁਰੂ ਪਾਤਸ਼ਾਹ ਜੀ ਸ਼ਾਬਾਸ਼ ਦਿੰਦੇ ਹੋਏ ਕਹਿੰਦੇ ਹਨ :
“ ਕੁਰਬਾਨ ਪਿਦਰ ਸ਼ਾਬਾਸ਼ ਖ਼ੂਬ ਲੜੇ ਹੋ,
ਕਿਉਂ ਨਾ ਹੋ ਗੋਬਿੰਦ ਕੇ ਫ਼ਰਜ਼ੰਦ ਬੜੇ ਹੋ “
ਜਿੱਥੇ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਨੇ ਸ਼ਹਾਦਤ ਪ੍ਰਾਪਤ ਕੀਤੀ ਉਸ ਮੁਕੱਦਸ ਅਸਥਾਨ ਦੀ ਵਡਿਆਈ ਜੋਗੀ ਅੱਲਾ ਯਾਰ ਖਾਂ ਵੱਲੋਂ ਕੁਝ ਇਸ ਕਦਰ ਕੀਤੀ ਗਈ ਹੈ।

ਬੱਸ ਏਕ ਹੀ ਤੀਰਥ ਹੈ ਹਿੰਦ ਮੇਂ ਯਾਤਰਾ ਕੇ ਲੀਏ।
ਕਟਵਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ ਲੀਏ।
(ਯੋਗੀ ਅੱਲਾ ਯਾਰ ਖਾਂ )

ਸਾਹਿਬਜ਼ਾਦਾ ਅਜੀਤ ਸਿੰਘ ਜੀ ਦੇ ਜਨਮ ਦਿਹਾੜੇ ਦੀ ਸਮੂਹ ਸੰਗਤ ਨੂੰ ਅਕਾਲ ਚੈਨਲ ਵਲੋਂ ਲੱਖ ਲੱਖ ਵਧਾਈਆਂ

Please follow and like us:

Similar Posts