ਹੁਸ਼ਿਆਰਪੁਰ : ਚੋਣਾਂ ਤੋਂ ਪਹਿਲਾਂ ਲਗਾਤਾਰ ਪਾਰਟੀਆਂ ਦੇ ਸਿਰਕੱਢ ਆਗੂ ਪੰਜਾਬ ਅੰਦਰ ਚੋਣ ਰੈਲੀਆਂ ਕਰ ਰਹੇ ਹਨ। ਇਸ ਦੌਰਾਨ ਆਪੋ ਆਪਣੇ ਉਮੀਦਵਾਰਾਂ ਦੇ ਹੱਕ ‘ਚ ਚੋਣ ਪ੍ਰਚਾਰ ਕਰਦਿਆਂ ਉਨ੍ਹਾਂ ਵੱਲੋਂ ਵਿਰੋਧੀਆਂ ‘ਤੇ ਖੂਬ ਸਿਆਸੀ ਵਾਰ ਕੀਤੇ ਜਾ ਰਹੇ ਹਨ। ਹਾਲ ਹੀ ‘ਚ ਪੰਜਾਬ ਪਹੁੰਚੇ ਕਾਂਗਰਸ ਪਾਰਟੀ ਦੇ ਜਰਨਲ ਸਕੱਤਰ ਰਾਹੁਲ ਗਾਂਧੀ ਵੱਲੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸਮੇਤ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਆੜੇ ਹੱਥੀਂ ਲਿਆ ਗਿਆ। ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਜੇਕਰ ਸੂਬੇ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਆਉਂਦੀ ਹੈ ਤਾਂ ਇਹ ਦੋ ਵੱਡੇ ਘਰਾਣਿਆਂ ਦੀ ਸਰਕਾਰ ਨਹੀਂ ਹੋਵੇਗੀ ਬਲਕਿ ਆਮ ਲੋਕਾਂ ਦੀ ਸਰਕਾਰ ਹੋਵੇਗੀ।
ਇਸ ਮੌਕੇ ਰਾਹੁਲ ਗਾਂਧੀ ਨੇ ਚਰਨਜੀਤ ਸਿੰਘ ਚੰਨੀ ਦੇ ਹੱਕ ‘ਚ ਬੋਲਦਿਆਂ ਕਿਹਾ ਕਿ ਉਹ ਆਮ ਗਰੀਬ ਘਰ ਨਾਲ ਸਬੰਧ ਰੱਖਦੇ ਹਨ।ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੇ ਹਰ ਹਿੱਸੇ ਅੰਦਰ ਬੇਰੁਜ਼ਗਾਰੀ ਲਗਾਤਾਰ ਵਧਦੀ ਜਾ ਰਹੀ ਹੈ ਕਿਉਂਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਸਰਕਾਰ ਨੇ ਛੋਟੇ ਬਿਜਨਸ ਵਾਲੇ ਲੋਕਾਂ ‘ਤੇ ਇਕ ਤਰੀਕੇ ਦਾ ਹਮਲਾ ਕੀਤਾ ਹੈ ਅਤੇ ਇਹ ਉਸ ਵੇਲੇ ਹੋਇਆ ਜਦੋਂ ਪ੍ਰਧਾਨ ਮੰਤਰੀ ਵੱਲੋਂ ਨੋਟਬੰਦੀ ਕੀਤੀ ਗਈ ਸੀ।ਉਨ੍ਹਾਂ ਕਿਹਾ ਕਿ ਕਿਸੇ ਵੀ ਕਰੋੜਪਤੀ ਨੂੰ ਉਸ ਸਮੇਂ ਕਤਾਰ ‘ਚ ਲੱਗਿਆਂ ਨਹੀਂ ਦੇਖਿਆ ਗਿਆ ਜੇਕਰ ਕਿਸੇ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤਾਂ ਉਹ ਸਨ ਆਮ ਲੋਕ।ਗਾਂਧੀ ਨੇ ਦੋਸ਼ ਲਾਇਆ ਕਿ ਉਹ ਸਾਰਾ ਪੈਸਾ ਮੋਦੀ ਦੀ ਸਰਕਾਰ ਨੇ ਦੋ ਤਿੰਨ ਘਰਾਣਿਆਂ ਦੀਆਂ ਜੇਬਾਂ ‘ਚ ਪਾ ਦਿੱਤਾ।ਇਸ ਮੌਕੇ ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਦੇ 15 ਲੱਖ ਵਾਲੇ ਬਿਆਨ ਦਾ ਵੀ ਜਿਕਰ ਕੀਤਾ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਦੀ ਜੇਬ ‘ਚ ਪੈਸੇ ਨਹੀਂ ਆਏ।ਰਾਹੁਲ ਗਾਂਧੀ ਨੇ ਸਵਾਲ ਕੀਤਾ ਕਿ ਅੱਜ ਪ੍ਰਧਾਨ ਮੰਤਰੀ ਮੋਦੀ ਆਪਣੇ ਕਿਸੇ ਵੀ ਭਾਸ਼ਣ ਵਿੱਚ ਕਾਲੇ ਧੰਨ ਦੀ ਗੱਲ ਕਿਉਂ ਨਹੀਂ ਕਰਦੇ।