
ਅੰਮ੍ਰਿਤਸਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਾਂਗਰਸ ਪਾਰਟੀ ਵੱਲੋਂ ਆਪਣੇ ਨਿੱਜੀ ਅਤੇ ਰਾਜਸੀ ਹਿੱਤਾਂ ਲਈ ਸਿੱਖ ਅਰਦਾਸ ਦੀਆਂ ਆਖ਼ਰੀ ਸਤਰਾਂ ‘ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ’ ਨੂੰ ਤੋੜ ਮਰੋੜ ਕੇ ‘ਪੰਜਾਬ ਦੀ ਚੜ੍ਹਦੀ ਕਲਾ, ਕਾਂਗਰਸ ਮੰਗੇ ਸਰਬੱਤ ਦਾ ਭਲਾ’ ਵਜੋਂ ਵਰਤਣ ’ਤੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਹੈ। ਇਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਵੱਲੋਂ ਪੰਜਾਬ ਦੇ ਚੋਣ ਕਮਿਸ਼ਨਰ ਪਾਸ ਲਿਖਤੀ ਸ਼ਿਕਾਇਤ ਭੇਜੀ ਗਈ ਹੈ। ਪੰਜਾਬ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਨੇ ਇਹ ਘਿਨੌਣੀ ਹਰਕਤ ਕੀਤੀ ਹੈ, ਜਿਸ ਦਾ ਸਿੱਖ ਸੰਗਤਾਂ ਅੰਦਰ ਭਾਰੀ ਰੋਸ ਹੈ। ਦੱਸਣਯੋਗ ਹੈ ਕਿ ਕਾਂਗਰਸ ਨੇ ਸਿੱਖ ਸ਼ਬਦਾਵਲੀ ਨੂੰ ਤੋੜ-ਮਰੋੜ ਕੇ ਥਾਂ-ਥਾਂ ਲਗਾਏ ਆਪਣੇ ਹੋਰਡਿੰਗ ਬੋਰਡਾਂ ’ਤੇ ਛਪਵਾਇਆ ਹੈ ਅਤੇ ਅੱਜ ਆਪਣੇ ਟਵਿੱਟਰ ਖਾਤੇ ’ਤੇ ਵੀ ਪੋਸਟ ਕੀਤਾ ਹੈ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਾਂਗਰਸ ਦੀ ਇਸ ਹਰਕਤ ਨੂੰ ਸਿੱਖ ਭਾਵਨਾਵਾਂ ਨਾਲ ਖਿਲਵਾੜ ਕਰਾਰ ਦਿੰਦਿਆਂ ਕਿਹਾ ਕਿ ਸਿੱਖ ਅਰਦਾਸ ਦੇ ਇਹ ਸ਼ਬਦ ਹਰ ਸਿੱਖ ਦੇ ਹਿਰਦੇ ਵਿਚ ਵਸੇ ਹੋਏ ਹਨ, ਜਦਕਿ ਕਾਂਗਰਸ ਨੇ ਇਨ੍ਹਾਂ ਨੂੰ ਬਦਲ ਕੇ ਸਿੱਖ ਭਾਵਨਾਵਾਂ ਨੂੰ ਸੱਟ ਮਾਰੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਸਿੱਖ ਸ਼ਬਦਾਵਲੀ ਨੂੰ ਤੋੜ-ਮਰੋੜ ਕੇ ਵਰਤਣ ਨਾਲ ਸਿੱਖ ਸਮਾਜ ਅੰਦਰ ਭਾਰੀ ਰੋਸ ਪੈਦਾ ਹੋਇਆ ਹੈ ਅਤੇ ਇਸ ਨੂੰ ਲੈ ਕੇ ਸਿੱਖਾਂ ਦੀ ਪ੍ਰਤੀਨਿਧ ਧਾਰਮਿਕ ਸੰਸਥਾ ਹੁੰਦਿਆਂ ਸ਼੍ਰੋਮਣੀ ਕਮੇਟੀ ਨੂੰ ਸੰਗਤ ਦੇ ਇਤਰਾਜ਼ ਮਿਲ ਰਹੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਪੰਜਾਬ ਦੇ ਚੋਣ ਕਮਿਸ਼ਨਰ ਨੂੰ ਇਸ ਸਬੰਧ ਵਿਚ ਸ਼ਿਕਾਇਤ ਭੇਜ ਕੇ ਅਪੀਲ ਕੀਤੀ ਗਈ ਹੈ ਕਿ ਕਾਂਗਰਸ ਦੀ ਇਸ ਹਰਕਤ ਦਾ ਸਖ਼ਤ ਨੋਟਿਸ ਲਿਆ ਜਾਵੇ ਅਤੇ ਇਸ ਨੂੰ ਤੁਰੰਤ ਵਾਪਸ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਕਾਂਗਰਸ ਵੱਲੋਂ ਲਗਾਏ ਗਏ ਹੋਰਡਿੰਗ ਬੋਰਡ ਹਟਾਉਣ ਅਤੇ ਜਨਤਕ ਮੁਆਫ਼ੀ ਮੰਗਵਾਉਣ ਲਈ ਕਾਰਵਾਈ ਕਰਨ ਲਈ ਵੀ ਚੋਣ ਕਮਿਸ਼ਨਰ ਨੂੰ ਕਿਹਾ ਗਿਆ ਹੈ। ਸ਼੍ਰੋਮਣੀ ਕਮੇਟੀ ਨੇ ਪ੍ਰਧਾਨ ਨੇ ਕਿਹਾ ਕਿ ਸਿੱਖ ਭਾਵਨਾਵਾਂ ਨਾਲ ਜੁੜੀ ਸ਼ਬਦਾਵਲੀ ਨੂੰ ਰਾਜਸੀ ਅਤੇ ਨਿੱਜੀ ਹਿੱਤਾਂ ਲਈ ਵਰਤਣ ਦਾ ਕਿਸੇ ਨੂੰ ਹੱਕ ਨਹੀਂ ਹੈ।