ਬਠਿੰਡਾ : ਸਾਬਕਾ ਕੇਂਦਰੀ ਮੰਤਰੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਐਲਾਨ ਕੀਤਾ ਕਿ ਪੰਜਾਬ ਵਿਚ ਜਾਂ ਤਾਂ ਨਸ਼ਾ ਰਹੇਗਾ ਜਾਂ ਫਿਰ ਅਕਾਲੀ ਦਲ ਹੀ ਰਹੇਗਾ ਤੇ ਨਾਲ ਹੀ ਕਿਹਾ ਕਿ ਅਗਲੀ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਸੱਤਾ ਸੰਭਾਲਦਿਆਂ ਹੀ ਨੌਜਵਾਨਾਂ ਨੂੰ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਕਾਰਵਾਈ ਕਰੇਗੀ।
ਇਥੇ ਬਠਿੰਡਾ ਦਿਹਾਤੀ ਤੋਂ ਪਾਰਟੀ ਦੇ ਉਮੀਦਵਾਰ ਪ੍ਰਕਾਸ਼ ਸਿੰਘ ਭੱਟੀ ਦੇ ਹੱਕ ਵਿਚ ਜਨਤਕ ਮੀਟਿੰਗਾਂ ਨੁੰ ਸੰਬੋਧਨ ਕਰਦਿਆਂ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਅਸੀਂ ਕਾਂਗਰਸ ਸਰਕਾਰ ਵਾਂਗੂ ਨਸ਼ੇ ਦਾ ਸ਼ਿਕਾਰ ਹੋਣ ਵਾਲਿਆਂ ਨੁੰ ਤੰਗ ਪ੍ਰੇਸ਼ਾਨ ਨਹੀਂ ਕਰਾਂਗੇ ਬਲਕਿ ਉਹਨਾਂ ਦੇ ਨਸ਼ੇ ਛੁੜਾ ਕੇ ਉਹਨਾਂ ਦਾ ਸਮਾਜ ਵਿਚ ਮੁੜ ਵਸੇਬਾ ਕਰਾਂਗੇ ਤੇ ਉਹਨਾਂ ਨੂੰ ਨੌਕਰੀਆਂ ਪ੍ਰਦਾਨ ਕਰਾਂਗੇ। ਅਸੀਂ ਨਸ਼ਾ ਵੇਚਣ ਵਾਲਿਆਂ ਨੁੰ ਨਿਸ਼ਾਨਾ ਬਣਾਵਾਂੇਗ। ਮੈਂ ਵਾਅਦਾ ਕਰਦੀ ਹਾਂ ਕਿ ਉਹਨਾਂ ਨੁੰ ਸੇਕ ਮਹਿਸੂਸ ਹੋਵੇਗਾ। ਉਹਨਾਂ ਕਿਹਾ ਕਿ ਮੈਂ ਪੰਜਾਬ ਵਿਚੋਂ ਨਸ਼ੇ ਖਤਮ ਕਰਨ ਲਈ ਵਚਨਬੱਧ ਹਾਂ ਤੇ ਇਸ ਉਦੇਸ਼ ਦੀ ਪੂਰਤੀ ਵਾਸਤੇ ਪੂਰੀ ਵਾਹ ਲਗਾਵਾਂਗੀ।
ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਰਾਜ ਵਿਚ ਨਸ਼ਿਆਂ ਦੀ ਬੁਰਾਈ 10 ਗੁਣਾ ਵੱਧ ਗਈ ਹੈ। ਉਹਨਾਂ ਕਿਹਾ ਕਿ ਕਾਂਗਰਸੀ ਵਿਧਾਇਕ ਸ਼ਰ੍ਹੇਆਮ ਨਸ਼ਾ ਵੇਚਣ ਵਾਲਿਆਂ ਨਾਲ ਰਲ ਕੇ ਨਾ ਸਿਰਫ ਨਸ਼ਿਆਂ ਦੀ ਪੁਸ਼ਤ ਪਨਾਹੀ ਕਰਦੇ ਰਹੇ ਬਲਕਿ ਬਰਾਬਰ ਦੇ ਹਿੱਸੇਦਾਰ ਬਣ ਗਏ ਤੇ ਮਨੁੱਖਤਾ ਖਿਲਾਫ ਇਸ ਅਪਰਾਧ ਦੇ ਲੀਡਰ ਵੀ ਬਣ ਗਏ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਅਤੇ ਨਸ਼ਾ ਤਸਕਰਾਂ ਵਿਚ ਇਸ ਸ਼ਰ੍ਹੇਆਮ ਗੰਢਤੁਪ ਕਾਰਨ ਨਸ਼ਾ ਸੂਬੇ ਦੇ ਹਰ ਮੁਹੱਲੇ ਵਿਚ ਵੜ੍ਹ ਗਿਆ। ਅਸੀਂ ਇਸ ਬੁਰਾਈ ਨੁੰ ਹਮੇਸ਼ਾ ਲਈ ਖਤਮ ਕਰ ਦਿਆਂਗੇ।
ਸਰਦਾਰਨੀ ਬਾਦਲ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਝੂਠ ਬੋਲਣ ’ਤੇ ਉਹਨਾਂ ਨੁੰ ਕਰੜੇ ਹੱਥੀਂ ਲਿਆ। ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਕਾਂਗਰਸ ਸਰਕਾਰ ਨੇ ਪਿਛਲੇ ਪੰਜ ਸਾਲਾਂ ਵਿਚ ਬਿਜਲੀ ਦਰਾਂ ਵਿਚ 50 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਕੀਤਾ। ਇਸਨੇ ਆਪਣੇ ਕਾਰਜਕਾਲ ਦੇ ਅਖੀਰਲੇ ਦੋ ਮਹੀਨਿਆਂ ਵਿਚ ਇਹਨਾਂ ਦਰਾਂ ਵਿਚ ਸਿਰਫ ਅੰਸ਼ਕ ਕਟੌਤੀ ਕਰ ਕੇ ਲੋਕਾਂ ਨੁੰ ਮੂਰਖ ਬਣਾ ਕੇ ਫਿਰ ਤੋਂ ਸੱਤਾ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਹੈ ਜਦੋਂ ਕਿ ਚੰਨੀ ਜਾਣਦੇ ਹਨ ਕਿ ਇਹ ਕਟੌਤੀ ਇਸ ਸਾਲ ਸਿਰਫ 31 ਮਾਰਚ ਤੱਕ ਹੈ। ਉਹਨਾਂ ਕਿਹਾ ਕਿ ਜੇਕਰ ਇਹ ਸੱਚ ਨਹੀਂ ਹੈ ਤਾਂ ਚੰਨੀ ਇਸਦਾ ਖੰਡਨ ਕਰਨ।
ਆਮ ਆਦਮੀ ਪਾਰਟੀ ਦੀ ਗੱਲ ਕਰਦਿਆਂ ਸਰਦਾਰਨੀ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਕਾਂਗਰਸ ਤੋਂ ਇਸ ਪਾਰਟੀ ਵਿਚ ਆਏ ਤੇ ਅਪਰਾਧਿਕ ਪਿਛੋਕੜ ਵਾਲਿਆਂ ਨੁੰ ਟਿਕਟਾਂ ਦਿੱਤੀਆਂ ਹਨ ਤੇ ਕਰੋੜਾਂ ਰੁਪਏ ਵਿਚ ਸਭ ਤੋਂ ਵੱਧ ਬੋਲੀ ਲਾਉਣ ਵਾਲਿਆਂ ਨੁੰ ਟਿਕਟਾਂ ਵੇਚੀਆਂ ਹਨ। ਉਹਨਾਂ ਕਿਹਾ ਕਿ ਅਜਿਹੀ ਪਾਰਟੀ ਕਿਵੇਂ ਇਹ ਦਾਅਵਾ ਕਿਵੇਂ ਕਰ ਸਕਦੀ ਹੈ ਕਿ ਉਹ ਆਮ ਆਦਮੀ ਦੀ ਪ੍ਰਤੀਨਿਧਤਾ ਕਰਦੀ ਹੈ ?
ਬਦਲਾਅ ਲਈ ਆਮ ਆਦਮੀ ਪਾਰਟੀ ਵੱਲੋਂ ਦਿੱਤੇ ਸੱਦੇ ਦੀ ਗੱਲ ਕਰਦਿਆਂ ਸਰਦਾਰਨੀ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਬਠਿੰਡਾ ਦਿਹਾਤੀ ਵਿਚ ਸਿਰਫ ਇਕ ਹੀ ਬਦਲਾਅ ਲਿਆਂਦਾ ਹੈ ਕਿ ਉਸਨੇ ਇਕ ਸਾਬਕਾ ਅਕਾਲੀ ਅਮਿਤ ਰਤਨ ਨੁੰ ਟਿਕਟ ਦਿੱਤੀ ਹੈ ਜਿਸਨੁੰ ਪਾਰਟੀ ਨੇ ਕਿਸਾਨਾਂ ਨਾਲ ਠੱਗੀ ਮਾਰਨ ਦੇ ਦੋਸ਼ ਸਾਹਮਣੇ ਆਉਣ ਤੋਂ ਬਾਅਦ ਪਾਰਟੀ ਵਿਚੋਂ ਕੱਢ ਦਿੱਤਾ ਸੀ।
ਉਹਨਾਂ ਕਿਹਾ ਕਿ ਇਸਦੇ ਉਲਟ ਪਿਛਲੀਆਂ ਅਕਾਲੀ ਦਲ ਦੀ ਅਗਵਾਈ ਵਾਲੀਆਂ ਸਰਕਾਰਾਂ ਨੇ ਇਲਾਕੇ ਵਿਚ ਏਮਜ਼ ਮੈਡੀਕਲ ਸਹੂਲਤ ਤੇ ਕੇਂਦਰੀ ਯੂਨੀਵਰਸਿਟੀ ਤੋਂ ਇਲਾਵਾ ਹੋਰ ਅਹਿਮ ਪ੍ਰਾਜੈਕਟ ਲਿਆ ਕੇ ਲੋਕਾਂ ਦੇ ਜੀਵਨ ਵਿਚ ਬਦਲਾਅ ਲਿਆਂਦਾ ਹੈ। ਉਹਨਾਂ ਕਿਹਾ ਕਿ ਅਸਲ ਬਦਲਾਅ ਆਂਗਣਵਾੜੀ ਵਰਕਰ ਦੀ ਧੀ ਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਬਣਾਏ ਮੈਰੀਟੋਰੀਅਸ ਸਕੂਲ ਵਿਚ ਪੜ੍ਹ ਕੇ ਮੈਡੀਕਲ ਕਾਲਜ ਵਿਚ ਦਾਖਲਾ ਮਿਲਣ ਨਾਲ ਆਇਆ ਹੈ। ਉਹਨਾਂ ਕਿਹਾ ਕਿ ਅਸੀਂ ਆਪਣੇ ਬੱਚਿਆਂ ਦਾ ਭਵਿੱਖ ਸੁਨਿਹਰੀ ਬਣਾਉਣ ਵਾਸਤੇ ਅਜਿਹੀਆਂ ਸੰਸਥਾਵਾਂ ਦਾ ਨਿਰਮਾਣ ਕਰਨਾ ਜਾਰੀ ਰੱਖਾਂਗੇ।
ਸਰਦਾਰਨੀ ਬਾਦਲ ਨੇ ਕਿਹਾ ਕਿ ਅਗਲੀ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਬੀ ਪੀ ਐਲ ਪਰਿਵਾਰਾਂ ਦੀ ਅਗਵਾਈ ਕਰਨ ਵਾਲੀਆਂ ਮਹਿਲਾਵਾਂ ਨੁੰ ਹਰ ਮਹੀਨੇ 2 ਹਜ਼ਾਰ ਰੁਪਏ ਦੀ ਗਰਾਂਟ ਦੇਵੇਗੀ, ਸਾਰੇ ਘਰੇਲੂ ਖਪਤਕਾਰਾਂ ਨੁੰ ਹਰ ਮਹੀਨੇ 400 ਯੂਨਿਟ ਬਿਜਲੀ ਮੁਫਤ ਮਿਲੇਗੀ। ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਬੇਘਰੇ ਲੋਕਾਂ ਨੁੰ ਪੰਜ ਲੱਖ ਘਰ ਬਣਾ ਕੇ ਦਿੱਤੇ ਜਾਣਗੇ ਅਤੇ ਪ੍ਰਾਈਵੇਟ ਖੇਤਰ ਦੀਆਂ 10 ਲੱਖ ਨੌਕਰੀਆਂ ਵਿਚੋਂ 75 ਫੀਸਦੀ ਪੰਜਾਬੀਆਂ ਲਈ ਰਾਖਵੀਂਆਂ ਹੋਣਗੀਆਂ।