ਪੰਜਾਬ ਦੇ ਲੋਕਾਂ ਨੂੰ 20 ਫਰਵਰੀ ਨੂੰ ਹੋਣ ਜਾ ਰਹੀਆਂ ਚੋਣਾਂ ਵਿੱਚ ਆਪਣੀ ਵੋਟ ਪਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਸੁਚੇਤ ਹੋਣਾ ਚਾਹੀਦਾ ਹੈ ਕਿਉਂਕਿ ਇਹ ਚੋਣਾਂ ਚਰਿੱਤਰ ਅਤੇ ਮੁੱਦਿਆਂ ਦੀਆਂ ਹਨ। ਇਹ ਅਪੀਲ ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਅੱਜ ਦਿਨ ਭਰ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਕੀਤੀਆਂ ਜਨਤਕ ਮੀਟਿੰਗਾਂ ਮੌਕੇ ਆਪਣੇ ਸੰਬੋਧਨ ਵਿੱਚ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਦੀ ਅਜ਼ਾਦੀ ਤੋਂ ਲੈ ਕੇ ਹੁਣ ਤੱਕ ਸਿਆਸੀ ਪਾਰਟੀਆਂ ਚੋਣਾਂ ਨੇੜੇ ਕਈ ਤਰ੍ਹਾਂ ਦੇ ਵਾਅਦੇ ਕਰਦੀਆਂ ਹਨ ਜੋ ਕਦੇ ਵੀ ਪੂਰਾ ਨਹੀਂ ਕਰਦੀਆਂ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਸਿੱਖਿਆ ਦੀ ਘਾਟ ਕਾਰਨ ਸਾਡੀ ਨਵੀਂ ਪੀੜ੍ਹੀ ਵਿਦੇਸ਼ਾਂ ਨੂੰ ਭੱਜ ਰਹੀ ਹੈ ਕਿਉਂਕਿ ਸਕੂਲਾਂ ਵਿੱਚ ਲੋੜੀਂਦੇ ਅਧਿਆਪਕ ਨਹੀਂ ਹਨ ਅਤੇ ਅੱਜ ਹਸਪਤਾਲਾਂ ਵਿੱਚ ਡਾਕਟਰ ਨਹੀਂ ਹਨ। ਅੱਜ ਦੇ ਕਰਜ਼ਾਈ ਪੰਜਾਬ ਨੂੰ ਪੰਜਾਬੀ ਮੂਲ ਦੀ ਇੱਕ ਮਜ਼ਬੂਤ, ਪੰਜਾਬੀ ਪਾਰਟੀ ਦੀ ਲੋੜ ਹੈ ਜੋ ਪੰਜਾਬੀ ਲੋਕਾਂ ਨੂੰ ਚੰਗੀ ਤਰ੍ਹਾਂ ਸਮਝਦੀ ਹੋਵੇ ਅਤੇ ਸਿਰਫ਼ ਬਸਪਾ ਅਕਾਲੀ ਗਠਜੋੜ ਹੀ ਇਸ ਮਾਪਦੰਡ ਨੂੰ ਪੂਰਾ ਕਰ ਸਕਦਾ ਹੈ।