ਫਰੀਦਕੋਟ, : ਸ਼੍ਰੋਮਣੀ ਅਕਾਲੀ ਦਲ ਨੁੰ ਅੱਜ ਇਸ ਹਲਕੇ ਤੇ ਗੁਆਂਢੀ ਹਲਕਿਆਂ ਕੋਟਕਪੁਰਾ ਤੇ ਜੈਤੋਂ ਵਿਚ ਵੱਡਾ ਹੁਲਾਰਾ ਮਿਲਿਆ ਜਦੋਂ ਕਾਂਗਸ ਅਤੇ ਪੰਜਬ ਲੋਕ ਕਾਂਗਰਸ ਦੇ ਸੀਨੀਅਰ ਆਗੂ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਅਕਾਲੀ ਦਲ ਵਿਚ ਸ਼ਾਮਲ ਹੋ ਗਏ।
ਅਕਾਲੀ ਦਲ ਦੇ ਪ੍ਰਧਾਨ ਜੋ ਇਥੇ ਪਾਰਟੀ ਦੇ ਉਮੀਦਵਾਰ ਪਰਮਬੰਸ ਸਿੰਘ ਰੋਮਾਣਾ ਦੇ ਹੱਕ ਵਿਚ ਪ੍ਰਚਾਰ ਕਰ ਰਹੇ ਆਏ ਸਨ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ ਐਸ ਡੀ ਸੰਦੀਪ ਸਿੰਘ ਸੰਨੀ ਬਰਾੜ ਦੇ ਘਰ ਪਹੁੰਚੇ ਤੇ ਉਹਨਾਂ ਨੁੰ ਪਾਰਟੀ ਵਿਚ ਸ਼ਾਮਲ ਕੀਤਾ। ਯੂਥ ਆਗੂ ਪੰਜਾਬ ਲੋਕ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਵੀ ਸਨ।
ਇਸ ਮੌਕੇ ਕਈ ਹੋਰ ਸੀਨੀਅਰ ਕਾਂਗਰਸੀ ਅਕਾਲੀ ਦਲ ਵਿਚ ਸ਼ਾਮਲ ਹੋਏ ਜਿਹਨਾਂ ਵਿਚ ਪ੍ਰਦੇਸ਼ ਕਾਂਗਰਸ ਦੇ ਸਕੱਤਰ ਤੇ ਚਾਰ ਵਾਰ ਦੇ ਕੌਂਸਲਰ ਤੇ ਸਾਬਕਾ ਨਗਰ ਕੌਂਸਲ ਪ੍ਰਧਾਨ ਤਾਰਾ ਸਿੰਘ ਭੱਟੀ, ਜਲ ਸਪਲਾਈ ਤੇ ਸੈਨੀਟੇਸ਼ਨ ਬੋਰਡ ਦੇ ਸਾਬਕਾ ਡਾਇਰੈਕਟਰ ਸੁਰਜੀਤ ਸਿੰਘ ਢਿੱਲੋਂ, ਪ੍ਰਦੇਸ਼ ਕਾਂਗਰਸ ਐਸ ਸੀ ਸੈਲ ਦੇ ਪ੍ਰਧਾਨ ਬਲਵਿੰਦਰ ਸਿੰਘ ਲਵਲੀ ਭੱਟੀ, ਜੈਤੋਂ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਚਰਨ ਸਿੰਘ ਬਰਾੜ, ਜੈਤੋਂ ਮਿਉਂਸਪਲ ਕਮੇਟੀ ਦੇ ਮੀਤ ਪ੍ਰਧਾਨ ਸੁਰਿੰਦਰਪਾਲ ਕੌਰ ਤੇ ਜੈਤੋਂ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਪਰਮਜੀਤ ਸਿੰਘ ਸ਼ਾਮਲ ਹਨ।
ਇਸ ਮੌਕੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਿਸ ਤਰੀਕੇ ਕਾਂਗਰਸ ਅਤੇ ਪੰਜਾਬ ਲੋਕ ਕਾਂਗਰਸ ਦੇ ਆਗੂ ਆਪੋ ਆਪਣੀਆਂ ਪਾਰਟੀਆਂ ਛੱਡ ਕੇ ਅਕਾਲੀ ਦਲ ਵਿਚ ਵਿਸ਼ਵਾਸ ਪ੍ਰਗਟ ਕਰ ਰਹੇ ਹਨ, ਇਸ ਤੋਂ ਸਪਸ਼ਟ ਹੈ ਕਿ ਅਸੀਂ ਫਰੀਦਕੋਟ, ਕੋਟਕਪੁਰਾ ਤੇ ਜੈਤੋਂ ਵਿਧਾਨ ਸਭਾ ਹਲਕਿਆਂ ਵਿਚ ਹੂੰਝਾ ਫੇਰ ਜਿੱਤ ਦਰਜ ਕਰਾਂਗੇ। ਇਸ ਨਾਲ ਨਾਲ ਲੱਗਦੀਆਂ ਸੀਟਾਂ ’ਤੇ ਵੀ ਅਸਰ ਪਵੇਗਾ।
ਫਰੀਦਕੋਟ ਹਲਕੇ ਦੀ ਗੱਲ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਹਲਕੇ ਵਿਚ ਸਾਰੇ ਵਿਕਾਸ ਕਾਰਜ ਠੱਪ ਹੋ ਗਏ ਹਨ ਤੇ ਹਾਲਾਤ ਇਹ ਹਨ ਕਿ ਸੜਕਾਂ ਤੇ ਗਲੀਆਂ ਵੀ ਪੱਟੀਆਂ ਹੋਈਆਂ ਹਨ ਤੇ ਕੋਈ ਪਰਵਾਹ ਨਹੀਂ ਕਰ ਰਿਹਾ। ਉਹਨਾਂ ਕਿਹਾ ਕਿ ਸਥਾਨਕ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਸਿਰਫ ਪੈਸੇ ਇਕੱਠੇ ਕਰਨ ’ਤੇ ਜ਼ੋਰ ਦਿੱਤਾ ਹੈ ਤੇ ਉਸਨੇ ਸਰਕਾਰੀ ਖ਼ਜ਼ਾਨੇ ਨੁੰ ਲੁੱਟਿਆ ਹੈ ਭਾਵੇਂ ਉਹ ਰੇਤ ਮਾਫੀਆ ਦੀ ਸਰਪ੍ਰਸਤੀ ਕਰ ਕੇ ਹੋਵੇ ਜਾਂ ਫਿਰ ਮਨਰੇਗਾ ਫੰਡਾਂ ਦਾ ਘੁਟਾਲਾ ਕਰ ਕੇ ਜਾਂ ਆਪਣੀਆਂ ਖੁਦ ਦੀਆਂ ਇੰਟਰਲਾਕਿੰਗ ਟਾਈਲਾਂ ਦੀਆਂ ਫੈਕਟਰੀਆਂ ਲਗਾ ਕੇ। ਉਹਨਾਂ ਕਿਹਾ ਕਿ ਕੁਸ਼ਲਦੀਪ ਸਿੰਘ ਢਿੱਲੋਂ ਇਕ ਮੌਕਾਪ੍ਰਸਤ ਹੈ ਜੋ ਕਦੇ ਵੀ ਕਿਸੇ ਦਾ ਵਫਾਦਾਰ ਨਹੀਂ ਹੋ ਸਕਦਾ। ਉਸਨੇ ਇਸ ਸ਼ਹਿਰ ਦੇ ਲੋਕਾਂ ਨਾਲ ਵੀ ਧੋਖਾ ਕੀਤਾ ਹੈ ਜਿਹਨਾਂ ਨੂੰ ਉਸ ਤੋਂ ਵੱਡੀਆਂ ਆਸਾਂ ਸਨ।
ਸਰਦਾਰ ਬਾਦਲ ਨੇ ਕਿਹਾ ਕਿ ਸਿਰਫ ਅਕਾਲੀ ਦਲ ਹੀ ਲੋਕਾਂ ਦਾ ਅਸਲ ਪ੍ਰਤੀਨਿਧ ਹੈ। ਉਹਨਾਂ ਕਿਹਾ ਕਿ ਅਸੀਂ ਤੁਹਾਡਾ ਹਿੱਸਾ ਸੀ ਤੇ ਹਮੇਸ਼ਾ ਬਣੇ ਰਹਾਂਗੇ। ਉਹਨਾਂ ਕਿਹਾ ਕਿ ਅਸੀਂ ਤੁਹਾਡੀਆਂ ਆਸਾਂ ਦੀ ਪ੍ਰਤੀਨਿਧਤਾ ਕਰਦੇ ਹਾਂ। ਹੋਰ ਸਾਰੀਆਂ ਪਾਰਟੀਆਂ ਦਿੱਲੀ ਤੋਂ ਚਲਾਈਆਂ ਜਾਂਦੀਆਂ ਨ ਜਦੋਂ ਕਿ ਅਕਾਲੀ ਦਲ ਪੰਜਾਬੀਆਂ ਦੀ ਆਪਣੀ ਪਾਰਟੀ ਹੈ। ਉਹਨਾਂ ਨੇ ਲੋਕਾਂ ਨੁੰ ਆਮ ਆਦਮੀ ਪਾਰਟੀ ਅਤੇ ਇਸਦੇ ਦਿੱਲੀ ਮਾਲ ਤੋਂ ਸੁਚੇਤ ਰਹਿਣ ਦਾ ਸੱਦਾ ਦਿੰਦਿਆਂ ਹਿਾ ਕਿ ਆਪ ਪੰਜਾਬੀਆਂ ਨੁੰ ਵੇਚਣ ਨੁੰ ਫਿਰਦੀ ਹੈ। ਉਹਨਾਂ ਕਿਹਾ ਕਿ ਦਿੱਲੀ ਮਾਡਲ ਦਾ ਮਤਲਬ ਹੈ ਕਿ ਕਿਸਾਨਾਂ ਨੁੰ ਮੁਫਤ ਬਿਜਲੀ ਬੰਦ ਜਿਵੇਂ ਦਿੱਲੀ ਵਿਚ ਹੈ। ਇਸਦਾ ਇਹ ਵੀ ਮਤਲਬ ਹੈ ਕਿ ਬਿਜਲੀ ਦਰਾਂ 10 ਤੋਂ ਵਧਾ ਕੇ 13 ਰੁਪਏ ਪ੍ਰਤੀ ਯੁਨਿਟ ਘਰੇਲੂ ਤੇ ਉਦਯੋਗਿਕ ਖਪਤਕਾਰਾਂ ਵਾਸਤੇ ਕਰ ਦਿੱਤੀਆਂ ਜਾਣਗੀਆਂ।
ਇਸ ਮੌਕੇ ਸਰਦਾਰ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਸਮਾਜ ਦੇ ਹਰ ਵਰਗ ਨੁੰ ਕਾਂਗਰਸ ਸਰਕਾਰ ਨੇ ਧੋਖਾ ਦਿੱਤਾ ਹੈ। ਉਹਨਾਂ ਕਿਹਾ ਕਿ ਨੌਜਵਾਨਾਂ ਨਾਲ 2500 ਰੁਪਏ ਪ੍ਰਤੀ ਮਹੀਨਾ ਬੇਰੋਜ਼ਗਾਰੀ ਭੱਤਾ ਦੇਣ ਦਾ ਵਾਅਦਾ ਕਰ ਕੇ ਠੱਗੀ ਮਾਰੀ ਗਈ, ਸਾਰੀਆਂ ਸਮਾਜ ਭਲਾਈ ਸਕੀਮਾਂ ਬੰਦ ਕਰ ਦਿੱਤੀਆਂ ਗਈਆਂ। ਉਹਨਾਂ ਕਿਹਾ ਕਿ ਅਸੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸ਼ੁਰੂ ਕੀਤੀਆਂ ਸਾਰੀਆਂ ਸਮਾਜ ਭਲਾਈ ਸਕੀਮਾਂ ਬਹਾਲ ਕਰਨ ਲਈ ਵਚਨਬੱਧ ਹਾਂ ਅਤੇ ਨਾਲ ਹੀ ਅਸੀਂ ਸਮਾਜ ਦੇ ਕਮਜ਼ੋਰ ਵਰਗਾਂ ਦੀਆਂ ਪਰਿਵਾਰਾਂ ਦੀ ਅਗਵਾਈ ਕਰ ਰਹੀਆਂ ਮਹਿਲਾਵਾਂ ਨੂੰ ਹਰ ਮਹੀਨੇ 2 ਹਜ਼ਾਰ ਰੁਪਏ ਪ੍ਰਦਾਨ ਕਰਾਂਗੇ ਤੇ ਸਾਰੇ ਖਪਤਕਾਰਾਂ ਨੂੰ 400 ਯੁਨਿਟ ਬਿਜਲੀ ਮੁਫਤ ਦਿਆਂਗੇ।
ਇਸ ਮੌਕੇ ਸੀਨੀਅਰ ਆਗੂ ਤੇ ਪਾਰਟੀ ਦੇ ਰਾਮਪੁਰਾ ਫੂਲ ਹਲਕੇ ਤੋਂ ਉਮੀਦਵਾਰ ਸਰਦਾਰ ਸਿਕੰਦਰ ਸਿੰਘ ਮਲੂਕਾ, ਕੋਟਕਪੁਰਾ ਤੇ ਜੈਤੋਂ ਤੋਂ ਉਮੀਦਵਾਰ ਕ੍ਰਮਵਾਰ ਮਨਤਾਰ ਸਿੰਘ ਬਰਾੜ ਤੇ ਸੂਬਾ ਸਿੰਘ ਬਾਦਲ ਵੀ ਹਾਜ਼ਰ ਸਨ।