ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ, ਪੰਜਾਬ ਦੇ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਡਾ. ਐਸ. ਕਰੁਣਾ ਰਾਜੂ ਨੇ ਬੁੱਧਵਾਰ ਨੂੰ ਪੋਲਿੰਗ ਸਟੇਸ਼ਨਾਂ ਅਤੇ ਡਿਸਪੈਚ ਸੈਂਟਰਾਂ ਲਈ ਚੈਕਲਿਸਟ ਦੀ ਸਮੀਖਿਆ ਕਰਨ ਲਈ ਰਾਜ ਦੇ ਸਾਰੇ ਰਿਟਰਨਿੰਗ ਅਫ਼ਸਰਾਂ (ਆਰ.ਓਜ਼) ਨਾਲ ਇੱਕ ਵਰਚੁਅਲ ਮੀਟਿੰਗ ਕੀਤੀ।

ਮੀਟਿੰਗ ਦੌਰਾਨ ਡਾ.ਐਸ.ਕਰੁਣਾ ਰਾਜੂ ਨੇ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਹਰੇਕ ਪੋਲਿੰਗ ਸਟੇਸ਼ਨ `ਤੇ ਪੁਖਤਾ ਪ੍ਰਬੰਧ ਕੀਤੇ ਜਾਣ ਨੂੰ ਯਕੀਨੀ ਬਣਾਉਣ।

ਮੁੱਖ ਚੋਣ ਅਧਿਕਾਰੀ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਹਰ ਪੋਲਿੰਗ ਸਟੇਸ਼ਨ `ਤੇ ਮਾਸਕ, ਦਸਤਾਨੇ, ਪੀਪੀਈ, ਸਾਬਣ, ਥਰਮਾਮੀਟਰ, ਸੈਨੀਟਾਈਜ਼ਰ ਆਦਿ ਸਮੇਤ ਕੋਵਿਡ-19 ਤੋਂ ਬਚਾ ਲਈ ਲੋੜੀਂਦੀ ਸਮੁੱਚੀ ਸਮੱਗਰੀ ਉਪਲਬਧ ਹੋਵੇ ਅਤੇ ਬੂਥਾਂ `ਤੇ ਕੋਵਿਡ ਡਸਟਬਿਨ ਰੱਖੇ ਜਾਣ। ਉਨ੍ਹਾਂ ਰਿਟਰਨਿੰਗ ਅਫਸਰਾਂ ਨੂੰ ਸਾਰੇ ਪੋਲਿੰਗ ਬੂਥਾਂ `ਤੇ ਵੈਬ ਕੈਮਰਿਆਂ ਦੇ ਸੁਚਾਰੂ ਰੂਪ ਵਿੱਚ ਕੰਮ ਕਰਨ ਨੂੰ ਯਕੀਨੀ ਬਣਾਉਣ ਲਈ ਵੀ ਕਿਹਾ।

ਉਨ੍ਹਾਂ ਨੇ ਰਿਟਰਨਿੰਗ ਅਫਸਰਾਂ ਨੂੰ ਪੋਲਿੰਗ ਬੂਥਾਂ `ਤੇ ਦਿਵਿਆਂਗ ਵਿਅਕਤੀਆਂ ਅਤੇ ਬਜ਼ੁਰਗਾਂ ਦੀ ਸਹੂਲਤ ਲਈ 5-10 ਵਲੰਟੀਅਰਾਂ ਉਪਲਬਧ ਕਰਾਉਣ ਲਈ ਵੀ ਕਿਹਾ। ਉਨ੍ਹਾਂ ਨੇ ਸਾਰੇ ਪੋਲਿੰਗ ਬੂਥਾਂ `ਤੇ ਸੈਲਫੀ ਪੁਆਇੰਟ ਅਤੇ ਮਸਕਟ ਸ਼ੇਰਾ ਲਗਾਉਣ ਲਈ ਕਿਹਾ।

ਡਾ: ਰਾਜੂ ਨੇ ਰਿਟਰਨਿੰਗ ਅਫਸਰਾਂ ਨੂੰ ਹਦਾਇਤ ਕੀਤੀ ਕਿ ਉਹ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨ ਵੋਟਰਾਂ ਨੂੰ ਸਰਟੀਫਿਕੇਟ ਜਾਂ ਫੁੱਲ ਦੇ ਕੇ ਨਿੱਘਾ ਸੁਆਗਤ ਕਰਨ। ਉਨ੍ਹਾਂ ਬਜ਼ੁਰਗਾਂ ਅਤੇ ਦਿਵਿਆਂਗ ਵੋਟਰਾਂ ਨੂੰ ਪੋਲਿੰਗ ਸਟੇਸ਼ਟਨ ਤੇ ਲਿਆਉਣ-ਲਿਜਾਣ ਦੀ ਸਹੂਲਤ ਨੂੰ ਯਕੀਨੀ ਬਣਾਉਣ ਲਈ ਵੀ ਕਿਹਾ।

ਮੁੱਖ ਚੋਣ ਅਫਸਰ ਨੇ ਭਾਰਤ ਦੇ ਚੋਣ ਕਮਿਸ਼ਨ ਅਤੇ ਕੇਰਲਾ ਹਾਈ ਕੋਰਟ ਦੇ ਫੈਸਲੇ ਅਨੁਸਾਰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਵਾਤਾਵਰਣ ਪੱਖੀ ਸਮੱਗਰੀ ਜਿਵੇਂ ਕਿ ਕਾਗਜ਼ ਦੇ ਗਲਾਸ, ਪੇਪਰ ਪਲੇਟਾਂ ਅਤੇ ਵਾਤਾਵਰਣ ਅਨੁਕੂਲ ਪਲਾਸਟਿਕ ਦੇ ਫਲੈਕਸਾਂ ਆਦਿ ਦੀ ਵਰਤੋਂ ਕਰਨ ਦੇ ਵੀ ਨਿਰਦੇਸ਼ ਦਿੱਤੇ ।

ਉਨ੍ਹਾਂ ਨੇ ਪੋਲ ਪਾਰਟੀਆਂ ਦੀ ਵੰਡ ਅਤੇ ਪੋਲ ਈ.ਵੀ.ਐਮਜ਼ ਨੂੰ ਇਕੱਠਾ ਕਰਨ ਸਮੇਂ ਲੋਕਾਂ ਨੂੰ ਸੰਬੋਧਨ ਕਰਨ ਲਈ ਚੰਗੀ ਕਿਸਮ ਦੇ ਮਾਈਕ, ਸਪੀਕਰ ਆਦਿ ਇਸਤੇਮਾਲ ਕਰਨ ਅਤੇ ਮਹਿਲਾ ਸਟਾਫ਼ ਨੂੰ ਪੂਰੀ ਤਰ੍ਹਾਂ ਨਾਲ ਨਿਰਵਿਘਨ ਤੇ ਸੁਖਾਵਾਂ ਮਾਹੌਲ ਉਪਲਬਧ ਕਰਾਉਣ ਦੇ ਹੁਕਮ ਵੀ ਦਿੱਤੇ।

ਡਾ: ਐਸ ਕਰੁਣਾ ਰਾਜੂ ਨੇ ਆਰ.ਓਜ਼ ਨੂੰ ਮਹਿਲਾ ਸਟਾਫ਼ ਦਾ ਵਿਸ਼ੇਸ਼ ਧਿਆਨ ਰੱਖਣ ਅਤੇ ਸ਼ਾਮ ਨੂੰ ਦੇਰ ਹੋਣ ਦੀ ਸੂਰਤ ਵਿੱਚ ਉਨ੍ਹਾਂ ਨੂੰ ਘਰ ਤੱਕ ਸੁਰੱਖਿਅਤ ਪਹੁੰਚਾਉਣ ਕਰਨ ਦੀ ਸਹੂਲਤ ਦੇਣ ਲਈ ਕਿਹਾ।ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਸਾਰੇ ਪੋਲਿੰਗ ਸਟੇਸ਼ਨਾਂ ਅਤੇ ਬੂਥਾਂ ਦੇ ਨਾਮ ਸਾਫ਼-ਸਾਫ਼ ਪੜ੍ਹੇ ਜਾਣ ਅਤੇ ਪਖਾਨਿਆਂ ਦੀ ਸਾਫ਼-ਸਫ਼ਾਈ ਨੂੰ ਯਕੀਨੀ ਬਣਾਉਣ ਤੋਂ ਇਲਾਵਾ ਵੋਟਰਾਂ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਇਆ ਜਾਵੇ।ਡਾ. ਰਾਜੂ ਨੇ ਅਧਿਕਾਰੀਆਂ ਨੂੰ ਚੋਣਾਂ ਵਾਲੇ ਦਿਨ ਦੀਆਂ ਗਤੀਵਿਧੀਆਂ ਦੀਆਂ ਤਸਵੀਰਾਂ ਅਤੇ ਵੀਡੀਓ ਮੁੱਖ ਚੋਣ ਦਫ਼ਤਰ ਦੇ ਦਫ਼ਤਰ ਨੂੰ ਭੇਜਣ ਲਈ ਕਿਹਾ।

ਡਿਸਪੈਚ ਸੈਂਟਰਾਂ ਬਾਰੇ ਹਦਾਇਤਾਂ ਦਿੰਦਿਆਂ ਡਾ: ਰਾਜੂ ਨੇ ਰਿਟਰਨਿੰਗ ਅਫਸਰਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਡਿਸਪੈਚ ਸੈਂਟਰਾਂ ਵਿੱਚ ਵੱਖਰੇ ਕਾਊਂਟਰ, ਰੋਸ਼ਨੀ ਦੇ ਲੋੜੀਂਦੇ ਪ੍ਰਬੰਧ , ਪੀਣ ਵਾਲੇ ਪਾਣੀ/ਰਿਫਰੈਸ਼ਮੈਂਟ ਦੀ ਸਹੂਲਤ, ਪੋਲਿੰਗ ਸਟਾਫ਼ ਦੇ ਵਾਹਨਾਂ ਦੀ ਸੁਰੱਖਿਅਤ ਪਾਰਕਿੰਗ ਅਤੇ ਆਰਜ਼ੀ ਪਖਾਨੇ ਮੌਜੂਦ ਹੋਣ। ਉਨ੍ਹਾਂ ਨੇ ਆਰ.ਓਜ਼ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਕਿ ਸਾਰੇ ਈ.ਵੀ.ਐਮ ਲਿਜਾਣ ਵਾਲੇ ਵਾਹਨ ਗਲੋਬਲ ਪੋਜ਼ੀਸ਼ਨਿੰਗ ਸਿਸਟਮ (ਜੀਪੀਐਸ) ਨਾਲ ਲੈਸ ਹੋਣ।

ਇਸ ਦੌਰਾਨ ਵਧੀਕ ਮੁੱਖ ਚੋਣ ਅਧਿਕਾਰੀ ਡੀ.ਪੀ.ਐਸ ਖਰਬੰਦਾ ਅਤੇ ਵਧੀਕ ਵਧੀਕ ਮੁੱਖ ਚੋਣ ਅਧਿਕਾਰੀ ਅਮਿਤ ਕੁਮਾਰ ਵੀ ਮੀਟਿੰਗ ਵਿੱਚ ਹਾਜ਼ਰ ਹੋਏ।

Please follow and like us:

Similar Posts