ਜਲੰਧਰ/ ਚੰਡੀਗੜ : ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਜਲੰਧਰ ਦੇ ਵੱਖ ਵੱਖ ਵਿਧਾਨ ਸਭਾ ਖੇਤਰਾਂ ਵਿੱਚ ਚੋਣ ਪ੍ਰਚਾਰ ਕੀਤਾ।
ਚੋਣ ਪ੍ਰਚਾਰ ਦੌਰਾਨ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਜਲੰਧਰ ਪੱਛਮੀ ਹਲਕੇ ਦੇ ਉਮੀਦਵਾਰ ਸ਼ੀਤਲ ਅੰਗੁਰਾਲ, ਜਲੰਧਰ ਕੈਂਟ ਦੇ ਉਮੀਦਵਾਰ ਅਤੇ ਸਾਬਕਾ ਖਿਡਾਰੀ ਸੁਰਿੰਦਰ ਸਿੰਘ ਸੋਢੀ, ਜਲੰਧਰ ਸੈਂਟਰਲ ਦੇ ਉਮੀਦਵਾਰ ਰਮਨ ਅਰੋੜਾ ਅਤੇ ਜਲੰਧਰ ਉਤਰੀ ਦੇ ਉਮੀਦਵਾਰ ਦਿਨੇਸ਼ ਢਾਲ ਲਈ ਪ੍ਰਚਾਰ ਕੀਤਾ ਅਤੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿੱਤਾ ਕੇ ਭਗਵੰਤ ਮਾਨ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਦੀ ਅਪੀਲ ਕੀਤੀ।
ਕੇਜਰੀਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ 20 ਫਰਵਰੀ ਨੂੰ ਪੰਜਾਬ ਅਤੇ ਪੰਜਾਬ ਦੇ ਲੋਕਾਂ ਦਾ ਭਵਿੱਖ ਤੈਅ ਹੋਵੇਗਾ। ਇਸ ਲਈ ਸੋਚ ਸਮਝ ਕੇ ਵੋਟਾਂ ਪਾਈਆਂ ਜਾਣ। ਇੱਕ ਵੀ ਵੋਟ ਬਰਬਾਦ ਨਾ ਕੀਤੀ ਜਾਵੇ ਅਤੇ ਇਹ ਵੋਟ ਆਮ ਆਦਮੀ ਪਾਰਟੀ ਨੂੰ ਹੀ ਪਾਈ ਜਾਵੇ। ਕੇਜਰੀਵਾਲ ਨੇ ਕਿਹਾ ਪਹਿਲਾਂ ਪੰਜਾਬ ਦੇ ਲੋਕਾਂ ਕੋਲ ਚੰਗਾ ਅਤੇ ਇਮਾਨਦਾਰ ਵਿਕਲਪ ਨਹੀਂ ਸੀ। ਇਸ ਵਾਰ ਉਨਾਂ ਨੂੰ ਇੱਕ ਇਮਾਨਦਾਰ ਨੇਤਾ ਭਗਵੰਤ ਮਾਨ ਪੰਜਾਬ ਦੇ ਉਜਵਲ ਭਵਿੱਖ ਲਈ ਮੁੱਖ ਮੰਤਰੀ ਦੇ ਉਮੀਦਵਾਰ ਵਜੋਂ ਦਿੱਤਾ ਗਿਆ ਹੈ। ਇਸ ਵਾਰ ਇਮਾਨਦਾਰ ਆਗੂ ਨੂੰ ਚੁਣਨਾ, ਪੰਜਾਬ ਨੂੰ ਖੁਸ਼ਹਾਲ ਬਣਾਉਣਾ ਹੈ। ਉਨਾਂ ਕਿਹਾ ਮੀਡੀਆ ਦੇ ਸਰਵੇ ਵਿੱਚ ਆਮ ਆਦਮੀ ਪਾਰਟੀ ਹੀ ਸਰਕਾਰ ਬਣਾ ਰਹੀ ਹੈ, ਪਰ ਉਹ 60- 65 ਸੀਟਾਂ ਹੀ ਦੇ ਰਹੇ ਹਨ। ਪਰ ਵੋਟਰਾਂ ਨੇ ਮੀਡੀਆ ਸਰਵੇ ਫ਼ੇਲ ਕਰਨਾ ਹੈ ਅਤੇ ਭਗਵੰਤ ਮਾਨ ਦੇ ਹੱਥ ਮਜ਼ਬੂਤ ਕਰਨ ਲਈ ਆਮ ਆਦਮੀ ਪਾਰਟੀ ਨੂੰ 80 ਸੀਟਾਂ ਤੋਂ ਜ਼ਿਆਦਾ ‘ਤੇ ਜਿਤਾਉਣਾ ਹੈ।
ਇਸ ਮੌਕੇ ਭਗਵੰਤ ਮਾਨ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ 20 ਫਰਵਰੀ ਨੂੰ ਉਨਾਂ ਕੋਲ ਮੌਕਾ ਹੈ ਆਪਣੇ ਬੱਚਿਆਂ ਅਤੇ ਪੰਜਾਬ ਦੀ ਕਿਸਮਤ ਬਦਲਣ ਦਾ। ਸਿੱਖਿਆ ਅਤੇ ਇਲਾਜ ਵਿਵਸਥਾ ਠੀਕ ਕਰਨ ਦਾ। ਮਾਫੀਆ ਅਤੇ ਭ੍ਰਿਸ਼ਟਾਚਾਰ ਖਤਮ ਕਰਨ ਦਾ। ਬਿਜਲੀ ਪਾਣੀ ਦੀ ਸਮੱਸਿਆ ਦਾ ਹੱਲ ਕਰਨ ਦਾ। ਨੌਜਵਾਨਾਂ ਨੂੰ ਰੋਜ਼ਗਾਰ ਦੇਣ ਅਤੇ ਕਿਸਾਨਾਂ ਨੂੰ ਕਰਜ਼ੇ ਤੋਂ ਮੁੱਕਤੀ ਦਿਵਾਉਣ ਦਾ । ਇਸ ਲਈ 20 ਫਰਵਰੀ ਨੂੰ ਸਭ ਲੋਕ ਆਮ ਆਦਮੀ ਪਾਰਟੀ ਦਾ ਸਾਥ ਦੇਣ ਤਾਂ ਜੋ ‘ਆਪ’ ਦੀ ਸਰਕਾਰ ਲੋਕਾਂ ਦੇ ਦੁੱਖ- ਸੁੱਖ ਵਿੱਚ ਸ਼ਾਮਲ ਹੋ ਸਕੇ।
ਜਲੰਧਰ ਕੈਂਟ ਹਲਕੇ ਤੋਂ ‘ਆਪ’ ਦੇ ਉਮੀਦਵਾਰ ਅਤੇ ਸਾਬਕਾ ਕੌਮਾਂਤਰੀ ਖਿਡਾਰੀ ਸੁਰਿੰਦਰ ਸਿੰਘ ਸੋਢੀ ਨੂੰ ਵੋਟ ਦੇਣ ਦੀ ਅਪੀਲ ਕਰਦਿਆਂ ਭਗਵੰਤ ਮਾਨ ਨੇ ਲੋਕਾਂ ਨੂੰ ਕਿਹਾ ਕਿ ਜਲੰਧਰ ਦੀ ਧਰਤੀ ਨੇ ਦੇਸ਼ ਨੂੰ ਕਈ ਵੱਡੇ- ਵੱਡੇ ਖਿਡਾਰੀ ਦਿੱਤੇ ਹਨ। ਸਾਰੇ ਮਹਾਨ ਖਿਡਾਰੀਆਂ ਨੇ ਆਪਣੀ ਖੇਡ ਰਾਹੀਂ ਪੰਜਾਬ ਅਤੇ ਦੇਸ਼ ਦਾ ਨਾਂਅ ਰੌਸ਼ਨ ਕੀਤਾ। ਸੁਰਿੰਦਰ ਸਿੰਘ ਸੋਢੀ ਵੀ ਲੰਮੇ ਸਮੇਂ ਤੱਕ ਦੇਸ਼ ਲਈ ਖੇਡੇ ਅਤੇ ਇਨਾਮ ਜਿੱਤ ਦੇ ਦੇਸ਼ ਤੇ ਪੰਜਾਬ ਦਾ ਨਾਂਅ ਵੱਡਾ ਕੀਤਾ। ਹੁਣ ਸੋਢੀ ਸਾਬ ਦਾ ਮਾਣ ਵਧਾਉਣ ਦਾ ਮੌਕਾ ਹੈ। ਸੁਰਿੰਦਰ ਸਿੰਘ ਸੋਢੀ ਨੂੰ ਭਾਰੀ ਗਿਣਤੀ ਵੋਟਾਂ ਨਾਲ ਜਿਤਾਉਣ ਦੀ ਅਪੀਲ ਕਰਦਿਆਂ ਮਾਨ ਨੇ ਕਿਹਾ ਇਸ ਵਿਧਾਨ ਸਭਾ ਹਲਕੇ ਦਾ ਨਾਂਅ ਵੀ ਰੌਸ਼ਨ ਹੋਵੇਗਾ।