
ਮੋਗਾ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਮੋਗਾ ਜ਼ਿਲੇ ਦੇ ਉਮੀਦਵਾਰਾਂ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਅੰਮ੍ਰਿਤਪਾਲ ਸਿੰਘ ਸੁਖਾਨੰਦ ਅਤੇ ਡਾ. ਅਮਨਦੀਪ ਅਰੋੜਾ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਮਾਨ ਨੇ ਲੋਕਾਂ ਨੂੰ ਅਪੀਲ ਕੀਤੀ,”ਪੰਜਾਬ ‘ਚੋਂ 70 ਸਾਲਾਂ ਦੇ ਸਿਆਸੀ ਭ੍ਰਿਸ਼ਟਾਚਾਰ ਨੂੰ ਝਾੜੂ ਨਾਲ ਸਾਫ਼ ਕਰਨ ਦਾ ਮੌਕਾ ਆ ਗਿਆ ਹੈ। ਸਾਰੇ ਪੰਜਾਬ ਵਾਸੀ ਆਪਣੀ ਇੱਕ- ਇੱਕ ਵੋਟ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ‘ਝਾੜੂ’ ਨੂੰ ਪਾ ਕੇ ਪੰਜਾਬ ਵਿੱਚੋਂ ਸਿਆਸੀ ਭ੍ਰਿਸ਼ਟਾਚਾਰ ਨੂੰ ਸਾਫ਼ ਕਰਨ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਉਣਗੇੇ।”
ਮੰਗਲਵਾਰ ਨੂੰ ਭਗਵੰਤ ਮਾਨ ਨੇ ਵਿਧਾਨ ਸਭਾ ਹਲਕਾ ਮੋਗਾ ਤੋਂ ਉਮੀਦਵਾਰ ਡਾ. ਅਮਨਦੀਪ ਅਰੋੜਾ, ਹਲਕਾ ਬਾਘਾ ਪੁਰਾਣਾ ਤੋਂ ਉਮੀਦਵਾਰ ਅੰਮ੍ਰਿਤਪਾਲ ਸਿੰਘ ਸੁਖਾਨੰਦ ਅਤੇ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਤੋਂ ਉਮੀਦਵਾਰ ਤੇ ਮੌਜੂਦਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦੇ ਹੱਕ ਵਿੱਚ ਚੋਣ ਮਾਰਚ ਕੀਤਾ ਅਤੇ ਵੱਖ- ਵੱਖ ਥਾਂਵਾਂ ‘ਤੇ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕੀਤਾ।
ਭਗਵੰਤ ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ 20 ਫਰਵਰੀ ਦੀ ਤਰੀਕ ਨੂੰ ਪੰਜਾਬ ਵਿੱਚ ਨਵਾਂ ਇਤਿਹਾਸ ਸਿਰਜਣ ਦਾ ਮੌਕਾ ਹੈ। ਅਕਾਲੀ ਦਲ ਬਾਦਲ, ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਦੇ ਆਗੂ ਵਾਰੀ ਬੰਨ ਕੇ ਪੰਜਾਬ ਨੂੰ ਲੁੱਟਦੇ ਆ ਰਹੇ ਹਨ ਅਤੇ ਕੁੱਟਦੇ ਵੀ ਆ ਰਹੇ ਹਨ। ਇਨਾਂ ਰਿਵਾਇਤੀ ਸਿਆਸੀ ਪਾਰਟੀਆਂ ਦੀ ਗਲਤ ਨੀਤੀਆਂ ਅਤੇ ਅਮੀਰ ਹੋਣ ਦੀ ਲਾਲਸਾ ਕਾਰਨ ਅੱਜ ਪੰਜਾਬ 3 ਲੱਖ ਕਰੋੜ ਤੋਂ ਜ਼ਿਆਦਾ ਦਾ ਕਰਜਦਾਰ ਹੈ। ਉਨਾਂ ਦੱਸਿਆ ਕਿ ਇੱਕ ਸਮਾਂ ਸੀ ਜਦੋਂ ਪੰਜਾਬ ਸਰਕਾਰ ਦਾ ਖ਼ਜ਼ਾਨਾ ਪੈਸੇ ਨਾਲ ਭਰਿਆ ਰਹਿੰਦਾ ਸੀ ਅਤੇ ਲੋਕਾਂ ਨੂੰ ਚੰਗੀਆਂ ਸਹੂਲਤਾਂ ਦੇਣ ਤੋਂ ਬਾਅਦ ਵੀ ਪੰਜਾਬ ਸਰਕਾਰ ਕੋਲ ਪੈਸਾ ਬਚਇਆ ਰਹਿੰਦਾ ਸੀ। ਪਰ ਹੁਣ ਪੰਜਾਬ ਸਰਕਾਰ ਦਾ ਖਜ਼ਾਨਾ ਭਰਨ ਲਈ ਵੀ ਕਰਜਾ ਲੈਣਾ ਪੈ ਰਿਹਾ ਹੈ। ਮਾਨ ਨੇ ਕਿਹਾ ਕਿ ਅਕਾਲੀ ਦਲ ਬਾਦਲ, ਕਾਂਗਰਸ ਅਤੇ ਭਾਜਪਾ ਦੇ ਆਗੂਆਂ ਨੇ ਪੰਜਾਬ ਦੇ ਸਾਧਨਾਂ ‘ਤੇ ਕਬਜਾ ਕਰ ਰੱਖਿਆ ਹੈ, ਜਿਸ ਕਾਰਨ ਸਰਕਾਰ ਨੂੰ ਕੋਈ ਆਮਦਨ ਨਹੀਂ ਹੋ ਰਹੀ, ਸਗੋਂ ਪੰਜਾਬ ਦੀ ਆਮਦਨ ਸਿਆਸੀ ਆਗੂਆਂ ਦੇ ਘਰਾਂ ਦੀ ਤਿਜੌਰੀ ਵਿੱਚ ਬੰਦ ਹੋ ਰਹੀ ਹੈ।
ਭਗਵੰਤ ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਦੀ ਆਮਦਨ ਵਧਾਉਣ ਲਈ ਜ਼ਰੂਰੀ ਹੈ ਕਿ ਆਮਦਨ ਦੇ ਸਾਧਨਾਂ ਨੂੰ ਬਾਦਲਾਂ, ਕਾਂਗਰਸੀਆਂ ਅਤੇ ਭਾਜਪਾਈਆਂ ਤੋਂ ਆਜ਼ਾਦ ਕਰਾਇਆ ਜਾਵੇ। ਜਿਸ ਦੇ ਲਈ ਪੰਜਾਬ ਦੀ ਸਰਕਾਰ ਬਦਲਣੀ ਬਹੁਤ ਜ਼ਰੂਰੀ ਹੈ। ਉਨਾਂ ਕਿਹਾ ਕਿ 20 ਫਰਵਰੀ ਨੂੰ ਪੰਜਾਬ ਦੀ ਸਰਕਾਰ ਬਦਲਣ ਦਾ ਸੁਨਿਹਰਾ ਮੌਕਾ ਹੈ। ਇਸ ਲਈ ਸਾਰੇ ਵੋਟਰ ਆਪਣੀ ਕੀਮਤੀ ਵੋਟ ‘ਝਾੜੂ’ ਦੇ ਨਿਸ਼ਾਨ ‘ਤੇ ਪਾਉਣ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣ ਤਾਂ ਜੋ ਪੰਜਾਬ ਵਿੱਚ ਇੱਕ ਇਮਾਨਦਾਰ ਅਤੇ ਲੋਕ ਹਿਤੈਸ਼ੀ ਸਰਕਾਰ ਦਾ ਗਠਨ ਕੀਤਾ ਜਾ ਸਕੇ।