ਕਪੂਰਥਲਾ :ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਕਿਹਾ ਕਿ ਅਸੀਂ ਵੋਟਾਂ ਮੰਗਣ ਨਹੀਂ ਸਗੋਂ ਇੱਕ ਮੌਕਾ ਮੰਗਣ ਆਏ ਹਾਂ। ਅਸੀਂ ਆਮ ਆਦਮੀ ਪਾਰਟੀ ਨੂੰ ਜਿਤਾਉਣ ਦਾ ਨਹੀਂ, ਪੰਜਾਬ ਨੂੰ ਬਚਾਉਣ ਦਾ ਮੌਕਾ ਮੰਗਣ ਆਏ ਹਾਂ। ਪੰਜਾਬ ਵਿੱਚ ਅਕਾਲੀ ਦਲ ਅਤੇ ਕਾਂਗਰਸ ਨੇ 50 ਸਾਲ ਰਾਜ ਕੀਤਾ ਹੈ। ਇਨ੍ਹਾਂ 50 ਸਾਲਾਂ ਵਿੱਚ ਪੰਜਾਬ ਵਿੱਚ 26 ਸਾਲ ਕਾਂਗਰਸ ਅਤੇ 24 ਸਾਲ ਅਕਾਲੀ ਦਲ ਦੀ ਸਰਕਾਰ ਰਹੀ। ਦੋਵੇਂ ਪਾਰਟੀਆਂ ਨੇ ਪੰਜਾਬ ਦਾ ਰੇਤਾ, ਕੇਬਲ ਟਰਾਂਸਪੋਰਟ ਵੇਚ ਦਿੱਤਾ। ਦੋਵਾਂ ਪਾਰਟੀਆਂ ਨੇ ਰਲ-ਮਿਲਕੇ ਬੱਚਿਆਂ ਦੀ ਪੜ੍ਹਾਈ ਅਤੇ ਭਵਿੱਖ ਨੂੰ ਵੇਚ ਦਿੱਤਾ ਹੈ।
ਚੱਢਾ ਨੇ ਕਿਹਾ ਕਿ ਇਸ ਵਾਰ ਲੋਕਾਂ ਕੋਲ ਪੰਜਾਬ ਨੂੰ ਬਚਾਉਣ ਦਾ ਮੌਕਾ ਹੈ। ਸੂਬੇ ਨੂੰ ਮੁੜ ਤੋਂ ਖੁਸ਼ਹਾਲ ਬਣਾਉਣ ਦਾ ਮੌਕਾ ਹੈ। ਇੱਕ ਮੌਕਾ ਹੈ ਆਮ ਆਦਮੀ ਨੂੰ ਬਚਾਉਣ ਦਾ। ਐਤਵਾਰ ਨੂੰ ਰਾਘਵ ਚੱਢਾ ਨੇ ਕਪੂਰਥਲਾ, ਦਸੂਹਾ ਅਤੇ ਉੜਮੁੜ ਵਿਧਾਨ ਸਭਾ ਹਲਕਿਆਂ ਦੇ ਵੱਖ-ਵੱਖ ਇਲਾਕਿਆਂ ‘ਚ ਪ੍ਰਚਾਰ ਕੀਤਾ। ਉਨ੍ਹਾਂ ਕਪੂਰਥਲਾ ਤੋਂ ਉਮੀਦਵਾਰ ਮੰਜੂ ਰਾਣਾ, ਦਸੂਹਾ ਤੋਂ ਉਮੀਦਵਾਰ ਕਰਮਵੀਰ ਸਿੰਘ ਘੁੰਮਣ ਅਤੇ ਉੜਮੁੜ ਤੋਂ ਉਮੀਦਵਾਰ ਜਸਵੀਰ ਸਿੰਘ ਗਿੱਲ ਰਾਜਾ ਦੇ ਹੱਕ ਵਿੱਚ ਪ੍ਰਚਾਰ ਕੀਤਾ। ਚੱਢਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਵਾਰ ਇੱਕ ਮੌਕਾ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੀ ਜੋੜੀ ਨੂੰ ਦਿਓ, ਤੁਹਾਡੇ ਸਾਰੇ ਦੁੱਖ ਅਤੇ ਕੰਮਾਂ ਦੀ ਗਾਰੰਟੀ ਸਾਡੀ ਹੋਵੇਗੀ।
ਮੁੱਖ ਮੰਤਰੀ ਚੰਨੀ ‘ਤੇ ਚੁਟਕੀ ਲੈਂਦਿਆਂ ਚੱਢਾ ਨੇ ਕਿਹਾ ਕਿ ਪੰਜਾਬ ‘ਚ ਐਲਾਨ ਜੀਤ ਸਿੰਘ ਚੰਨੀ ਨਾਂ ਦਾ ਨਵਾਂ ਸੀਰੀਅਲ ਆਇਆ ਹੈ। ਜਿਨ੍ਹਾਂ ਦੇ ਭਤੀਜੇ ਦੇ ਘਰ ਈਡੀ ਦੀ ਛਾਪੇਮਾਰੀ ਵਿੱਚ ਕਰੋੜਾਂ ਰੁਪਏ ਬਰਾਮਦ ਹੋਏ, ਅਰਬਾਂ ਰੁਪਏ ਦੀ ਜਾਇਦਾਦ ਦੇ ਕਾਗਜ਼ ਮਿਲੇ, 12 ਲੱਖ ਦੀਆਂ ਵਿਦੇਸ਼ੀ ਘੜੀਆਂ ਅਤੇ ਲਗਜ਼ਰੀ ਗੱਡੀਆਂ ਸਮੇਤ ਪਤਾ ਨਹੀਂ ਕੀ ਕੀ ਬਰਾਮਦ ਹੋਇਆ ਹੈ। ਚੱਢਾ ਨੇ ਚੰਨੀ ਨੂੰ ਸਵਾਲ ਕੀਤਾ ਕਿ ਖੁਦ ਨੂੰ ਗ਼ਰੀਬ ਅਤੇ ਆਮ ਆਦਮੀ ਹੋਣ ਦਾ ਦਾਅਵਾ ਕਰਨ ਵਾਲੇ ਚੰਨੀ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਕੋਲ ਇੰਨੀ ਬੇਸ਼ੁਮਾਰ ਦੌਲਤ ਕਿੱਥੋਂ ਆਈ? ਪੰਜਾਬ ਦੇ ਕਿਹੜੇ ਆਟੋ ਵਾਲੇ ਕੋਲ ਦਸ ਕਰੋੜ ਰੁਪਏ ਹਨ? ਕਿਹੜੇ ਟੈਂਟ ਵਾਲੇ ਕੋਲ 54 ਕਰੋੜ ਰੁਪਏ ਦੀਆਂ ਬੈਂਕ ਐਂਟਰੀਆਂ ਹਨ। ਕਿਸ ਸਾਊਂਡ ਵਾਲੇ ਕੋਲ 12 ਲੱਖ ਦੀ ਘੜੀ ਹੈ? ਕਿਹੜੇ ਪੰਚਰ ਵਾਲੇ ਕੋਲ ਕਰੋੜਾਂ ਰੁਪਏ ਦੇ ਫਾਰਮ ਹਾਊਸ ਹਨ।
ਚੱਢਾ ਨੇ ਕਿਹਾ ਕਿ ਇਹ ਸਾਰਾ ਪੈਸਾ ਚੰਨੀ ਅਤੇ ਉਸਦੇ ਰਿਸ਼ਤੇਦਾਰਾਂ ਨੇ ਪੰਜਾਬ ਦਾ ਰੇਤਾ ਵੇਚ ਕੇ ਅਤੇ ਭ੍ਰਿਸ਼ਟਾਚਾਰ ਤੋਂ ਕਮਾਇਆ ਹੈ।ਪੰਜਾਬ ਵਿੱਚ ਵੱਡਾ ਨਾਅਰਾ ਚੱਲ ਰਿਹਾ ਹੈ, ‘ਜਦੋਂ ਤੋਂ ਸੀਐਮ ਬਣਿਆ ਚੰਨੀ- ਮੋਟਾ ਮਨੀ ਕਮਾ ਗਿਆ ਹਨੀ’। ਚੰਨੀ, ਹਨੀ ਅਤੇ ਮਨੀ ਦੇ ਇਸ ਪ੍ਰੇਮ ਤਿਕੋਣ ਨੇ 111 ਦਿਨਾਂ ਵਿੱਚ ਪੰਜਾਬ ਨੂੰ ਲੁੱਟ ਲਿਆ। ਚੰਨੀ ਦੇ ਭਤੀਜੇ ਨੇ ਈਡੀ ਸਾਹਮਣੇ ਆਪਣੇ ਕਬੂਲਨਾਮੇ ‘ਚ ਦਸ ਚੁੱਕਿਆ ਹੈ ਕਿ ਇਹ ਪੈਸਾ ਚੰਨੀ ਦਾ ਹੈ ਅਤੇ 111 ਦਿਨਾਂ ‘ਚ ਅਸੀਂ 325 ਕਰੋੜ ਰੁਪਏ ਕਮਾਏ। ਇੰਨਾ ਵੱਡਾ ਸਟ੍ਰਾਈਕ ਰੇਟ ਤਾਂ ਅਕਾਲੀ ਦਲ ਦਾ ਵੀ ਨਹੀਂ ਸੀ।