ਲੁਧਿਆਣਾ : ਲੰਬੇ ਸਮੇਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸਮੁੱਚਾ ਸਿੱਖ ਪੰਥ ਯਤਨ ਕਰ ਰਿਹਾ ਹੈ। ਪਰ ਅਦਾਲਤਾਂ ਵੱਲੋਂ ਦਿੱਤੀਆਂ ਸਜ਼ਾਵਾਂ ਪੂਰੀਆਂ ਕਰ ਲੈਣ ਦੇ ਬਾਵਜੂਦ ਵੀ ਅੱਜ ਕਈ ਸਿੰਘ ਜ਼ੇਲ੍ਹਾਂ ਅੰਦਰ ਬੰਦ ਹਨ।ਪਿਛਲੇ ਦਿਨੀਂ ਲੰਬੇ ਸਮੇਂ ਤੋਂ ਜ਼ੇਲ੍ਹ ਅੰਦਰ ਬੰਦ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਦੇ ਸਤਿਕਾਰਯੋਗ ਪਿਤਾ ਸ. ਜਸਵੰਤ ਸਿੰਘ ਜੀ ਦਾ ਦੇਹਾਂਤ ਹੋ ਗਿਆ ਸੀ। ਜਿਨ੍ਹਾਂ ਦੀ ਅੰਤਿਮ ਅਰਦਾਸ ਅੱਜ ਲੁਧਿਆਣਾ ਵਿਖੇ ਹੋਈ।ਇਸ ਮੌਕੇ ਲੰਬੇ ਸਮੇਂ ਤੋਂ ਭਾਰਤੀ ਹਕੂਮਤ ਦਾ ਤਸ਼ੱਦਦ ਆਪਣੇ ਪਿੰਡੇ ‘ਤੇ ਸਹਾਰ ਰਹੇ ਬੰਦੀ ਸਿੰਘ ਭਾਈ ਬਲਵੰਤ ਸਿੰਘ ਰਾਜੋਆਣਾ ਜੀ ਪਹੁੰਚੇ।
ਇਸ ਮੌਕੇ ਸਿੱਖ ਕੌਮ ਦੀ ਮਹਾਨ ਸਖਸ਼ੀਅਤ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਭਾਈ ਜਸਵੰਤ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਪਹੁੰਚੇ।ਸਿੰਘ ਸਾਹਿਬ ਜੀ ਵੱਲੋਂ ਭਾਈ ਰਾਜੋਆਣਾ ਜੀ ਦੀ ਦਸਤਾਰ ਬੰਦੀ ਦੀ ਰਸਮ ਅਦਾ ਕੀਤੀ ਗਈੇ।ਇਸ ਮੌਕੇ ਭਾਈ ਰਾਜੋਆਣਾ ਜੀ ਵੱਲੋਂ ਸੰਬੋਧਿਤ ਹੁੰਦਿਆਂ ਸਮੁੱਚੇ ਸਿੱਖ ਪੰਥ ਦੇ ਨਾਮ ਸੰਦੇਸ਼ ਜਾਰੀ ਕੀਤਾ । ਭਾਈ ਰਾਜੋਆਣਾ ਜੀ ਨੇ ਦਿੱਲੀ ਦੀ ਕਾਂਗਰਸ ਸਰਕਾਰ ਵੱਲੋਂ ਸਿੱਖ ਪੰਥ ‘ਤੇ ਢਾਹੇ ਗਏ ਤਸ਼ੱਦਦ ਅਤੇ ਸ੍ਰੀ ਅਕਾਲ ਤਖਤ ਸਾਹਿਬ ‘ਤੇ ਕੀਤੇ ਗਏ ਹਮਲੇ ਨੂੰ ਵੀ ਬਿਆਨ ਕੀਤਾ। ਇਸ ਮੌਕੇ ਉਨ੍ਹਾਂ ਅਪੀਲ ਕੀਤੀ ਕਿ ਹਰ ਸਿੱਖ ਆਪਣੀ ਵੋਟ ਦੇ ਅਧਿਕਾਰ ਨੂੰ ਵਰਤਦਿਆਂ ਕਾਂਗਰਸ ਦੇ ਖਿਲਾਫ ਮਤਦਾਨ ਕਰੇ।
ਦੱਸ ਦੇਈਏ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਜੀ ਵੱਲੋਂ ਭੋਗ ਅਤੇ ਅੰਤਿਮ ਅਰਦਾਸ ਸਮਾਗਮ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਮੰਗੀ ਗਈ ਸੀ। ਜਸਟਿਸ ਅਜੈ ਤਿਵਾੜੀ ਤੇ ਜਸਟਿਸ ਪੰਕਜ ਜੈਨ ਦੇ ਬੈਂਚ ਵੱਲੋਂ ਪੁਲੀਸ ਨੂੰ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਜਾਣ ਦਾ ਆਦੇਸ਼ ਦਿੱਤਾ ਗਿਆ। ਜ਼ਿਕਰ ਏ ਖਾਸ ਹੈ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਜੀ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ‘ਚ ਸਜ਼ਾ ਯਾਫਤਾ ਹਨ।