ਅਕਾਲ ਚੈਨਲ ਨਿਊਜ ਡੈਸਕ : ਆਉਂਦੇ ਕੱਲ੍ਹ ਪੰਜਾਬ ਦੇ ਲੋਕ ਪੰਜ ਸਾਲ ਲਈ ਆਪਣੀ ਨਵੀਂ ਸਰਕਾਰ ਚੁਣਨ ਜਾ ਰਹੇ ਹਨ ਜਿਸ ਤੋਂ ਪਹਿਲਾਂ ਚੋਣ ਪ੍ਰਚਾਰ ਬੰਦ ਹੋ ਚੁੱਕਿਆ ਹੈ ਅਤੇ ਲਗਾਤਾਰ ਚੋਣ ਕਮਿਸ਼ਨਰ ਵੱਲੋਂ ਵੀ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ। ਇਸੇ ਦਰਮਿਆਨ ਉੱਘੇ ਸਮਾਜ ਸੇਵੀ ਅਤੇ ਖ਼ਾਲਸਾ ਏਡ ਦੇ ਮੁਖੀ ਰਵੀ ਸਿੰਘ ਖ਼ਾਲਸਾ ਵੱਲੋਂ ਪੰਜਾਬੀਆਂ ਨੂੰ ਵਿਸ਼ੇਸ਼ ਅਪੀਲ ਕੀਤੀ ਗਈ ਹੈ। ਰਵੀ ਸਿੰਘ ਵੱਲੋਂ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਪੰਜਾਬ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਵੋਟ ਪਾਉਣ ਦੀ ਅਪੀਲ ਕੀਤੀ ਗਈ ਹੈ ।
ਉਨ੍ਹਾਂ ਫੇਸਬੁੱਕ ਤੇ ਪੋਸਟ ਪਾਉਂਦਿਆਂ ਲਿਖਿਆ ਕਿ
“ਪੰਜਾਬ ਚੋਣਾਂ 2022 ?
ਕਲਿ ਆਈ ਕੁਤੇ ਮੁਹੀ ਖਾਜੁ ਹੋਇਆ ਮੁਰਦਾਰ ਗੁਸਾਈ॥
ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ॥
ਪੰਜਾਬ ਵਿੱਚ ਚੋਣਾਂ ਦਾ ਮਾਹੌਲ ਹੈ। ਪੁਰਾਣੀਆਂ ਰਵਾਇਤੀ ਪਾਰਟੀਆਂ ਨੇ ਵਾੜ ਬਣ ਕੇ ਪੰਜਾਬ ਦੀ ਰਾਖੀ ਕਰਨ ਦੀ ਥਾਂ ਪੰਜਾਬ ਦੀ ਲੁੱਟ ਹੀ ਕੀਤੀ ਹੈ। ਕੁਝ ਕੁ ਨਵੀਆਂ ਸਿਆਸੀ ਪਾਰਟੀਆਂ ਆਪਣੇ ਆਪ ਨੂੰ ਪੰਜਾਬ ਦੇ ਰਾਖੇ ਬਣਾ ਕੇ ਪੇਸ਼ ਕਰ ਰਹੀਆਂ ਹਨ ਪਰ ਪੰਜਾਬ ਦੇ ਪਾਣੀਆਂ ਅਤੇ ਕੁਦਰਤੀ ਸਾਧਨਾਂ ਦੀ ਹੋ ਰਹੀ ਲੁੱਟ ਬਾਰੇ ਇਹ ਰਾਸ਼ਟਰਵਾਦੀ ਪਾਰਟੀਆਂ ਅਮਲੀ ਤੌਰ ਤੇ ਕੰਮ ਕਰਨ ਤੋਂ ਇਨਕਾਰੀ ਹੀ ਦਿਸ ਰਹੀਆਂ ਹਨ। ਰਾਸ਼ਟਰਵਾਦ ਨੂੰ ਸਮਰਪਿਤ ਇਹ ਨਵੀਂਆਂ ਅਤੇ ਪੁਰਾਣੀਆਂ ਪਾਰਟੀਆਂ ਪੰਜਾਬ ਵਿੱਚ ਹੋਏ ਮਨੁੱਖੀ ਅਧਿਕਾਰਾਂ ਦੇ ਘਾਣ ਦੀ ਗੱਲ ਵੀ ਨਹੀਂ ਕਰ ਰਹੀਆਂ। ਇਹਨਾਂ ਨਵੀਂਆਂ ਅਤੇ ਪੁਰਾਣੀਆਂ ਰਾਸ਼ਟਰਵਾਦੀ ਪਾਰਟੀਆਂ ਵਲੋਂ ਹਰ ਉਸ ਇਨਸਾਨ ਨੂੰ Sideline (ਕਿਨਾਰੇ) ਕਰ ਦਿੱਤਾ ਗਿਆ, ਜਿਸ ਨੇ ਪੰਜਾਬ ਦੇ ਹਿੱਤਾਂ ਦੀ ਗੱਲ ਕੀਤੀ।
ਪੰਜਾਬੀਆਂ ਨੂੰ ਪੈਸਿਆਂ ਦੇ ਲਾਲਚ ਅਤੇ ਥੋੜ੍ਹੀਆਂ ਜਿਹੀਆਂ ਮੁਫ਼ਤ ਸਹੂਲਤਾਂ ਮਿਲਣ ਦੇ ਵਾਦਿਆਂ ਵੱਲ ਧਿਆਨ ਨਾ ਦੇ ਕੇ, ਪੰਜਾਬ ਦੇ ਵਡੇਰੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਵੋਟ ਪਾਉਣੀ ਚਾਹੀਦੀ ਹੈ।”
ਰਵੀ ਸਿੰਘ ਵੱਲੋਂ ਪਾਈ ਗਈ ਇਸ ਪੋਸਟ ਤੋਂ ਬਾਅਦ ਲਗਾਤਾਰ ਸਿਆਸੀ ਹਲਚਲ ਸ਼ੁਰੂ ਹੋ ਗਈ ਹੈ। ਅਜਿਹੇ ਵਿੱਚ ਪੰਜਾਬ ਦੇ ਲੋਕ ਰਵੀ ਸਿੰਘ ਵੱਲੋਂ ਪਾਈ ਗਈ ਇਸ ਪੋਸਟ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹਨ ਇਹ ਤਾਂ ਚੋਣਾਂ ਤੋਂ ਬਾਅਦ ਹੀ ਪਤਾ ਲੱਗੇਗਾ।