ਰਵਨੀਤ ਬਰਾੜ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ
ਮੁਹਾਲੀ : ਜਿਵੇਂ ਜਿਵੇਂ ਆਗਾਮੀ 20 ਫਰਵਰੀ ਦਾ ਸਮਾਂ ਨੇੜੇ ਆਉਂਦਾ ਜਾ ਰਿਹਾ ਹੈ ਉਵੇਂ ਉਵੇਂ ਮੋਹਾਲੀ ਹਲਕੇ ਵਿਚ ਸਿਆਸਤ ਤੇਜ਼ੀ ਫੜਦੀ ਜਾ ਰਹੀ ਹੈ। ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਰਵਨੀਤ ਬਰਾੜ ਦੇ ਮੁਤਾਬਕ ਹਲਕੇ ਵਿੱਚ ਲੋਕ ਵੱਡੀ ਗਿਣਤੀ ਵਿੱਚ ਇਸ ਵਾਰ ਮੋਰਚੇ ਨੂੰ ਮੌਕਾ ਦੇਣ ਦੇ ਰੌਂਅ ਵਿੱਚ ਹਨ।
ਹਲਕੇ ਦੇ ਪਿੰਡ ਬੱਲੋਮਾਜਰਾ, ਜੁਝਾਰ ਨਗਰ ਆਦਿ ਵਿੱਚ ਚੋਣ ਪ੍ਰਚਾਰ ਦੌਰਾਨ ਬਰਾਡ਼ ਨੇ ਕਿਹਾ ਕਿ ਉਨ੍ਹਾਂ ਦੇ ਦੇਖਣ ਵਿੱਚ ਆਇਆ ਕਿ ਨਾ ਕੇਵਲ ਸ਼ਹਿਰ ਦੇ ਪੜ੍ਹੇ ਲਿਖੇ ਲੋਕ ਬਲਕਿ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਖ਼ਾਸਕਰ ਕਿਸਾਨ ਭਾਈਚਾਰਾ ਪੂਰੀ ਤਰ੍ਹਾਂ ਉਨ੍ਹਾਂ ਦੇ ਨਾਲ ਹੋ ਤੁਰਿਆ ਹੈ।
ਮੌਜੂਦਾ ਕਾਂਗਰਸੀ ਵਿਧਾਇਕ ਬਲਬੀਰ ਸਿੱਧੂ ਨੂੰ ਆੜੇ ਹੱਥੀਂ ਲੈਂਦਿਆਂ ਬਰਾਡ਼ ਨੇ ਕਿਹਾ ਕਿ ਪਿਛਲੇ 15 ਸਾਲਾਂ ਤੋਂ ਮੋਹਾਲੀ ਹਲਕੇ ਦੇ ਲੋਕਾਂ ਨੇ ਬਲਬੀਰ ਸਿੱਧੂ ਦੀ ਪਰਿਵਾਰਵਾਦ ਵਾਲੀ ਸਿਆਸਤ ਦੇਖੀ ਹੈ। ਸਿਹਤ ਮੰਤਰੀ ਰਹਿੰਦੇ ਹੋਏ ਬਲਬੀਰ ਸਿੱਧੂ ਨੇ ਜੋ ਭ੍ਰਿਸ਼ਟਾਚਾਰ ਕੀਤਾ ਜਿਸ ਵਿੱਚ ਪੀਪੀਈ ਕਿੱਟਾਂ ਦੇ ਘੁਟਾਲੇ, ਗਊਸ਼ਾਲਾ ਦੀ ਜ਼ਮੀਨ ਘੁਟਾਲਾ, ਸ਼ਾਮਲਾਟ ਜ਼ਮੀਨਾਂ ਦੱਬਣਾ ਅਤੇ ਹੋਰ ਕਈ ਕਾਰਨਾਮੇ ਅੱਜ ਮੋਹਾਲੀ ਦੇ ਬੱਚੇ ਬੱਚੇ ਦੀ ਜ਼ੁਬਾਨ ਤੇ ਹਨ।
ਆਮ ਆਦਮੀ ਪਾਰਟੀ ਵਿੱਚ ਨਵੇਂ ਨਵੇਂ ਸ਼ਾਮਲ ਹੋਏ ਪੂੰਜੀਪਤੀ ਕੁਲਵੰਤ ਸਿੰਘ ਤੇ ਨਿਸ਼ਾਨਾ ਸਾਧਿਆ ਬਰਾਡ਼ ਨੇ ਕਿਹਾ ਕਿ ਹਰ ਇੱਕ ਨੂੰ ਪਤਾ ਹੈ ਕਿ ਕੁਲਵੰਤ ਸਿੰਘ ਇਕ ਧਨਾਢ ਪੂੰਜੀਪਤੀ ਹੋਣ ਦੇ ਨਾਲ ਨਾਲ ਅਕਾਲੀ ਦਲ ਅਤੇ ਕਾਂਗਰਸ ਨਾਲ ਮੌਕਾਪ੍ਰਸਤੀ ਦੀ ਸਿਆਸਤ ਖੇਡਦੇ ਹੋਏ ਸੱਤਾ ਦਾ ਸੁਖ ਮਾਣਦੇ ਆਏ ਹਨ। ਹੁਣ ਜਦੋਂ ਇਨ੍ਹਾਂ ਦੋਨਾਂ ਪਾਰਟੀਆਂ ਨੂੰ ਕੁਲਵੰਤ ਸਿੰਘ ਦੀ ਅਸਲੀਅਤ ਪਤਾ ਲੱਗ ਚੁੱਕੀ ਹੈ ਤਾਂ ਹੁਣ ਉਹ ਆਮ ਆਦਮੀ ਪਾਰਟੀ ਦੇ ਰਾਹੀਂ ਸੱਤਾ ਦਾ ਸੁੱਖ ਮਾਨਣਾ ਚਾਹੁੰਦੇ ਹਨ।
ਇਸਦੇ ਨਾਲ ਹੀ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਮਿੰਦਰ ਸੋਹਾਣਾ ਬਾਰੇ ਕਿਹਾ ਕਿ ਪਰਮਿੰਦਰ ਸੋਹਾਣਾ ਮੋਹਾਲੀ ਦੇ ਲੋਕਾਂ ਨੂੰ ਅਕਾਲੀ ਦਲ ਦੀਆਂ ਨੀਤੀਆਂ ਸਮਝਾਉਣ ਤੋਂ ਪਹਿਲਾਂ ਮੋਹਾਲੀ ਦੇ ਅਕਾਲੀ ਆਗੂਆਂ ਵਿੱਚ ਧੜੇਬੰਦੀਆਂ ਖ਼ਤਮ ਕਰਨ ਵੱਲ ਧਿਆਨ ਦੇਣ।
ਜ਼ਿਕਰਯੋਗ ਹੈ ਕਿ ਕਾਂਗਰਸੀ ਉਮੀਦਵਾਰ ਬਲਬੀਰ ਸਿੱਧੂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਮਿੰਦਰ ਸੋਹਾਣਾ ਦੇ ਉਪਰ ਅਪਰਾਧਿਕ ਮਾਮਲੇ ਵੀ ਦਰਜ ਹਨ। ਇਨ੍ਹਾਂ ਦਾ ਹਵਾਲਾ ਦਿੰਦੇ ਹੋਏ ਰਵਨੀਤ ਬਰਾੜ ਨੇ ਕਿਹਾ ਕਿ ਆਮ ਲੋਕਾਂ ਵਿੱਚ ਇਸ ਗੱਲ ਦੀ ਬਹੁਤ ਚਰਚਾ ਹੈ ਅਤੇ ਮੌਜੂਦਾ ਸਮੇਂ ਵਿੱਚ ਮੋਹਾਲੀ ਹਲਕੇ ਵਿੱਚ ਪੂਰੀ ਤਰ੍ਹਾਂ ਨਾਲ ਸੰਯੁਕਤ ਸਮਾਜ ਮੋਰਚੇ ਦੇ ਹੱਕ ਵਿਚ ਲਹਿਰ ਚੱਲ ਰਹੀ ਹੈ ਜਿਸ ਨੂੰ ਸਾਫ ਤੌਰ ਤੇ ਮਹਿਸੂਸ ਕੀਤਾ ਜਾ ਸਕਦਾ ਹੈ।